24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-02-2026

ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸੰਬੰਧੀ ਨੌਜਵਾਨਾਂ 'ਚ ਉਤਸ਼ਾਹ ਘਟਿਆ

Ad Position 21
No active advertisement
ਅਜੀਤ ਡੈਸਕ 06-02-2026
ਜਲੰਧਰ, 5 ਫਰਵਰੀ (ਜਸਪਾਲ ਸਿੰਘ)- ਯੂਥ ਕਾਂਗਰਸ ਦੀਆਂ ਜਥੇਬੰਦਕ ਚੋਣਾਂ ਸੰਬੰਧੀ ਨੌਜਵਾਨਾਂ ਅੰਦਰ ਉਤਸ਼ਾਹ ਮੱਠਾ ਹੈ ਤੇ ਨੌਜਵਾਨਾਂ ਵਲੋਂ ਇਨ੍ਹਾਂ ਚੋਣਾਂ 'ਚ ਹਾਲ ਦੀ ਘੜੀ ਕੋਈ ਬਹੁਤੀ ਦਿਲਚਸਪੀ ਨਹੀਂ ਦਿਖਾਈ ਜਾ ਰਹੀ | ਹਾਲਾਂਕਿ ਇਨ੍ਹਾਂ ਚੋਣਾਂ ਲਈ ਆਨਲਾਈਨ ਵੋਟਿੰਗ ਦੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ ਪਰ ਨੌਜਵਾਨਾਂ ਵਲੋਂ ਇਨ੍ਹਾਂ ਚੋਣਾਂ ਪ੍ਰਤੀ ਕੋਈ ਬਹੁਤਾ ਉਤਸ਼ਾਹ ਨਹੀਂ ਦਿਖਾਇਆ ਜਾ ਰਿਹਾ | ਇਸ ਦਾ ਵੱਡਾ ਕਾਰਨ ਜਿੱਥੇ ਵੋਟਿੰਗ ਪ੍ਰਕ੍ਰਿਆ ਦਾ ਆਨਲਾਈਨ ਹੋਣਾ ਦੱਸਿਆ ਜਾ ਰਿਹਾ ਹੈ ਉੱਥੇ ਨਾਲ ਹੀ ਪਿਛਲੇ ਸਮੇਂ ਦੌਰਾਨ ਯੂਥ ਕਾਂਗਰਸ ਦੀਆਂ ਸਰਗਰਮੀਆਂ ਅੰਦਰ ਆਈ ਖੜੋਤ ਨੂੰ ਵੀ ਇਸ ਦਾ ਕਾਰਨ ਮੰਨਿਆ ਜਾ ਰਿਹਾ ਹੈ | ਪਿਛਲੇ ਕਈ ਸਾਲਾਂ ਤੋਂ ਜ਼ਿਲ੍ਹਾ ਯੂਥ ਕਾਂਗਰਸ ਦੀਆਂ ਸਰਗਰਮੀਆਂ ਬਿਲਕੁੱਲ ਨਾਂ ਦੇ ਬਰਾਬਰ ਸਨ ਤੇ ਕਦੇ-ਕਦਾਈਾ ਹਾਈਕਮਾਨ ਦੇ ਆਦੇਸ਼ਾਂ 'ਤੇ ਯੂਥ ਕਾਂਗਰਸ ਵਲੋਂ ਖਾਨਾਪੂਰਤੀ ਲਈ ਪਾਰਟੀ ਸਰਗਰਮੀਆਂ ਤੇ ਧਰਨਿਆਂ ਆਦਿ ਦਾ ਪ੍ਰੋਗਰਾਮ ਉਲੀਕਿਆ ਜਾਂਦਾ ਸੀ ਪਰ ਜ਼ਿਲ੍ਹੇ ਦੀ ਯੂਥ ਲੀਡਰਸ਼ਿਪ ਨੌਜਵਾਨਾਂ ਅੰਦਰ ਜੋਸ਼ ਤੇ ਉਤਸ਼ਾਹ ਭਰਨ 'ਚ ਕਾਮਯਾਬ ਨਹੀਂ ਹੋ ਸਕੀ ਤੇ ਇਕ ਤਰ੍ਹਾਂ ਨਾਲ ਜ਼ਿਲ੍ਹੇ ਅੰਦਰ ਯੂਥ ਕਾਂਗਰਸ ਪੂਰੀ ਤਰ੍ਹਾਂ ਨਾਲ ਸਾਹ ਸੱਤਹੀਣ ਹੋਈ ਦਿਖਾਈ ਦਿੰਦੀ ਰਹੀ ਹੈ | ਹਾਲਾਂਕਿ ਇਸ ਦੌਰਾਨ ਕਈ ਮਸਲਿਆਂ 'ਤੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਘੇਰਿਆ ਜਾ ਸਕਦਾ ਸੀ ਪਰ ਯੂਥ ਕਾਂਗਰਸ ਇਨ੍ਹਾਂ ਮੌਕਿਆਂ ਦਾ ਫਾਇਦਾ ਚੁੱਕਣ 'ਚ ਵੀ ਸਫਲ ਨਹੀਂ ਹੋ ਸਕੀ | ਹੁਣ ਬੇਸ਼ੱਕ ਪਾਰਟੀ ਵਲੋਂ ਤਿੰਨ ਸਾਲਾਂ ਬਾਅਦ ਯੂਥ ਕਾਂਗਰਸ ਦੀਆਂ ਚੋਣਾਂ ਸੰਬੰਧੀ ਚੋਣ ਪ੍ਰਕ੍ਰਿਆ ਦਾ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਯੂਥ ਕਾਂਗਰਸੀ ਆਗੂਆਂ ਤੇ ਵਰਕਰਾਂ ਅੰਦਰ ਉਹ ਪਹਿਲਾਂ ਵਾਲਾ ਜੋਸ਼ ਤੇ ਉਤਸ਼ਾਹ ਪੂਰੀ ਤਰ੍ਹਾਂ ਨਾਲ ਗਾਇਬ ਹੈ, ਜੋ ਕਦੇ ਫਿਜ਼ੀਕਲ (ਸਿੱਧੀਆਂ ਵੋਟਾਂ) ਨਾਲ ਹੁੰਦੀਆਂ ਚੋਣਾਂ ਵੇਲੇ ਹੁੰਦੀਆਂ ਸਨ ਤੇ ਉਮੀਦਵਾਰਾਂ ਵਲੋਂ ਚੋਣਾਂ ਜਿੱਤਣ ਲਈ ਪੂਰੀ ਤਰ੍ਹਾਂ ਨਾਲ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾਂਦਾ ਸੀ ਤੇ ਇਸ ਨਾਲ ਵਰਕਰਾਂ ਅੰਦਰ ਵੀ ਨਵਾਂ ਜੋਸ਼ ਤੇ ਉਤਸ਼ਾਹ ਪੈਦਾ ਹੁੰਦਾ ਸੀ ਪਰ ਆਨਲਾਈਨ ਪ੍ਰਕ੍ਰਿਆ ਤਹਿਤ ਚੁੱਪ-ਚੁੱਪੀਤੇ ਵੋਟਿੰਗ ਹੁੰਦੀ ਹੈ ਤੇ ਉਮੀਦਵਾਰਾਂ ਵਲੋਂ ਵੀ ਅੰਦਰਖਾਤੇ ਨੌਜਵਾਨਾਂ ਨੂੰ ਆਪਣੇ ਹੱਕ 'ਚ ਭੁਗਤਾ ਲਿਆ ਜਾਂਦਾ ਹੈ ਤੇ ਖੁੱਲ੍ਹੇਆਮ ਲਾਬਿੰਗ ਤੋਂ ਬਚਿਆ ਜਾ ਰਿਹਾ ਹੈ | ਇੱਥੇ ਹੀ ਬੱਸ ਨਹੀਂ ਬੇਸ਼ੱਕ ਇਹ ਚੋਣ ਆਨਲਾਈਨ ਹੁੰਦੀ ਹੈ ਤੇ ਨੌਜਵਾਨਾਂ ਵਲੋਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ, ਜਨਰਲ ਸਕੱਤਰ, ਵਿਧਾਨ ਸਭਾ ਹਲਕਾ ਪ੍ਰਧਾਨ ਤੇ ਬਲਾਕ ਪ੍ਰਧਾਨ ਸਮੇਤ ਹੋਰਨਾਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਣੀ ਹੈ ਪਰ ਇਨ੍ਹਾਂ ਅਹੁਦਿਆਂ ਲਈ ਸਿੱਧੀ (ਫਿਜ਼ੀਕਲ) ਚੋਣ ਨਾ ਹੋਣ ਕਾਰਨ ਨੌਜਵਾਨ ਇਨ੍ਹਾਂ ਚੋਣਾਂ 'ਚ ਕੋਈ ਬਹੁਤੀ ਦਿਲਚਸਪੀ ਦਿਖਾਈ ਨਹੀਂ ਦਿੰਦੀ | ਹਾਲਾਂਕਿ ਯੂਥ ਕਾਂਗਰਸ ਦੇ ਅਹੁਦੇਦਾਰਾਂ ਦੀ ਚੋਣ ਦੇ ਨਾਲ-ਨਾਲ ਨਵੀਂ ਭਰਤੀ ਵੀ ਚੱਲ ਰਹੀ ਹੈ ਪਰ ਆਨਲਾਈਨ ਹੋਣ ਕਾਰਨ ਸਭ ਕੁੱਝ ਅੰਦਰਖਾਤੇ ਚੱਲ ਰਿਹਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਚੋਣਾਂ ਲੜ ਰਹੇ ਉਮੀਦਵਾਰ ਕਿੰਨੇ ਕੁ ਨਵੇਂ ਮੈਂਬਰ ਬਣਾਉਣ 'ਚ ਕਾਮਯਾਬ ਹੁੰਦੇ ਹਨ | ਦੱਸਣਯੋਗ ਹੈ ਕਿ ਜ਼ਿਲ੍ਹਾ ਯੂਥ ਕਾਂਗਰਸ ਜਲੰਧਰ ਦੀ ਪ੍ਰਧਾਨਗੀ ਲਈ ਸਾਬਕਾ ਪ੍ਰਧਾਨ ਅੰਗਦ ਦੱਤਾ ਪ੍ਰਮੁੱਖ ਉਮੀਦਵਾਰ ਹਨ ਜਦਕਿ ਉਨ੍ਹਾਂ ਦੇ ਮੁਕਾਬਲੇ 'ਤੇ ਸ਼ੁਭਮ ਅਰੋੜਾ ਚੋਣ ਲੜ ਰਹੇ ਹਨ | ਓਧਰ ਜਲੰਧਰ ਦਿਹਾਤੀ ਦੀ ਪ੍ਰਧਾਨ ਲਈ ਸੌਰਭ ਉੱਪਲ, ਮਨਪ੍ਰੀਤ ਚੱਢਾ ਤੇ ਸਤਨਾਮ ਸਿੰਘ ਆਪਣੀ ਕਿਸਮਤ ਅਜ਼ਮਾ ਰਹੇ ਹਨ | ਇਨ੍ਹਾਂ ਚੋਣਾਂ ਲਈ ਆਨਲਾਈਨ ਵੋਟਿੰਗ ਦਾ ਅਮਲ 2 ਫਰਵਰੀ ਤੋਂ ਸ਼ੁਰੂ ਹੋ ਚੁੱਕਾ ਹੈ, ਜੋ 2 ਮਾਰਚ ਤੱਕ ਜਾਰੀ ਰਹੇਗਾ ਤੇ ਇਸ ਦੌਰਾਨ ਕੋਈ ਵੀ 18 ਤੋਂ 35 ਸਾਲ ਤੱਕ ਦਾ ਨੌਜਵਾਨ 75 ਰੁਪਏ ਦੀ ਫੀਸ ਨਾਲ ਆਪਣੀ ਵੋਟ ਪਾ ਸਕੇਗਾ ਤੇ ਮੈਂਬਰਸ਼ਿਪ ਲੈ ਸਕੇਗਾ |
Ad Position 22
No active advertisement
ਪਿਛਲੀ ਖ਼ਬਰ ਦੁਬਈ 'ਚ ਇਕ ਸਮਾਰੋਹ 'ਚ ਅਗਲੀ ਖ਼ਬਰ ਲੋਕਾਂ ਦੀਆਂ ਸ਼ਿਕਾਇਤਾਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦੀ
Ad Position 24