ਜਲੰਧਰ, 20 ਫਰਵਰੀ (ਡਾ.ਜਤਿੰਦਰ ਸਾਬੀ) - 26ਵੀਂ ਨੈਸ਼ਨਲ ਚੈੱਸ ਚੈਂਪੀਅਨਸ਼ਿਪ ਫ਼ਾਰ ਡੈਫ ਜੋ 16 ਤੋਂ 20 ਫਰਵਰੀ ਤੱਕ ਜੀ.ਐਸ. ਰਾਏਸੋਨੀ ਪੋਲੀਟੈਕਨਿਕ ਕਾਲਜ ਨਾਗਪੁਰ ਵਿਖੇ ਇੰਡੀਆ ਡੈੱਫ ਕਲੱਬ ਨਾਗਪੁਰ ਵੱਲੋਂ ਕਰਵਾਈ ਗਈ, 'ਚੋਂ ਜਲੰਧਰ ਦੀ ਹੋਣਹਾਰ ਸ਼ਤਰੰਜ ਖਿਡਾਰਨ ਮਲਿਕਾ ਹਾਂਡਾ ਨੇ ਚਾਂਦੀ ਦਾ ਤਗਮਾ ਜਿੱਤ ਕੇ ਮਾਣਮੱਤੀ ਪ੍ਰਾਪਤੀ ਕੀਤੀ | ਇਹ ਜਾਣਕਾਰੀ ਮਲਿਕਾ ਹਾਂਡਾ ਦੀ ਮਾਤਾ ਰੇਣੂ ਹਾਂਡਾ ਵੱਲੋਂ ਦਿੱਤੀ ਗਈ | ਉਨ੍ਹਾਂ ਨੇ ਦੱਸਿਆ ਕਿ ਮਲਿਕਾ ਹਾਂਡਾ ਨੇ ਦੇਸ਼ ਤੇ ਪੰਜਾਬ ਲਈ ਕਈ ਤਗਮੇ ਜਿੱਤੇ ਹਨ ਤੇ ਹੁਣ ਵੀ ਨੈਸ਼ਨਲ ਖੇਡਾਂ 'ਚੋਂ ਚਾਂਦੀ ਦਾ ਤਗਮਾ ਜਿੱਤ ਕੇ ਪੰਜਾਬ ਤੇ ਜਲੰਧਰ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਅਦੇ ਮੁਤਾਬਿਕ ਮਲਿਕਾ ਹਾਂਡਾ ਨੂੰ ਸਰਕਾਰੀ ਨੌਕਰੀ ਦੇ ਕੇ ਪੰਜਾਬ ਦੇ ਖਿਡਾਰੀਆਂ ਦੇ ਮਨੋਬਲ 'ਚ ਵਾਧਾ ਕਰੇ |