ਮਲਸੀਆਂ, 21 ਫਰਵਰੀ (ਦਲਜੀਤ ਸਿੰਘ ਸਚਦੇਵਾ)- ਬੈਕਫਿੰਕੋ ਦੇ ਸੂਬਾ ਵਾਈਸ ਚੇਅਰਮੈਨ ਤੇ 'ਆਪ' ਹਲਕਾ ਸ਼ਾਹਕੋਟ ਦੇ ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਇਸ ਮੌਕੇ ਸੀਚੇਵਾਲ ਨੇ ਜਿੱਥੇ ਮੁੱਖ ਮੰਤਰੀ ਨਾਲ ਸ਼ਾਹਕੋਟ ਹਲਕੇ ਦੇ ਵਿਕਾਸ ਕਾਰਜਾਂ ਬਾਰੇ ਗੱਲਬਾਤ ਕੀਤੀ ਉੱਥੇ ਹੀ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ ਬਾਰੇ ਵੀ ਵਿਚਾਰ-ਚਰਚਾ ਕੀਤੀ | ਸੀਚੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਸਹੀ ਮਾਇਨੇ ਵਿਚ ਲੋਕਾਂ ਦੀ ਸਰਕਾਰ ਸਾਬਤ ਹੋਈ ਹੈ | ਪਿਛਲੇ ਦਹਾਕਿਆਂ ਤੋਂ ਜੋ ਸਿਸਟਮ ਖ਼ਰਾਬ ਹੋ ਚੁੱਕਾ ਸੀ, ਉਸ ਨੂੰ ਸੁਧਾਰਨ ਲਈ ਮਾਨ ਸਰਕਾਰ ਨੇ ਦਿਨ-ਰਾਤ ਕੰਮ ਕੀਤਾ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸਿੱਖਿਆ ਤੇ ਸਿਹਤ ਖੇਤਰ ਵੱਲ ਵਿਸ਼ੇਸ਼ ਧਿਆਨ ਦੇ ਕੇ ਕ੍ਰਾਂਤੀਕਾਰੀ ਬਦਲਾਅ ਕੀਤੇ ਹਨ | ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਹੋਣ ਨਾਲ ਮੱਧ ਵਰਗੀ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਤੇ ਹੁਣ ਕੋਈ ਵੀ ਵਿਅਕਤੀ ਇਲਾਜ ਪੱਖੋਂ ਵਾਂਝਾ ਨਹੀਂ ਰਹੇਗਾ ਜਿਸ ਤਰ੍ਹਾਂ ਸਰਕਾਰ ਨੇ ਭਿ੍ਸ਼ਟਾਚਾਰ ਖ਼ਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ ਤੇ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ, ਉਸ ਨਾਲ ਲੋਕਾਂ ਦਾ ਵਿਸ਼ਵਾਸ ਹੋਰ ਪੱਕਾ ਹੋਇਆ ਹੈ | ਸਰਕਾਰ ਵਲੋਂ ਕੀਤੇ ਗਏ ਲੋਕ ਹਿੱਤ ਕਾਰਜਾਂ ਨੂੰ ਦੇਖਦਿਆਂ ਪੰਜਾਬ ਦੇ ਲੋਕ 2027 ਵਿਚ ਵਿਧਾਨ ਸਭਾ ਚੋਣਾਂ ਵਿਚ ਇਕ ਵਾਰ ਫਿਰ ਭਾਰੀ ਬਹੁਮਤ ਨਾਲ 'ਆਪ' ਦੀ ਸਰਕਾਰ ਬਣਾਉਣਗੇ | ਸੀਚੇਵਾਲ ਨੇ ਮੁੱਖ ਮੰਤਰੀ ਦੇ ਧਿਆਨ ਵਿਚ ਸ਼ਾਹਕੋਟ ਹਲਕੇ ਦੀਆਂ ਕੁਝ ਅਹਿਮ ਮੰਗਾਂ ਤੇ ਸਮੱਸਿਆਵਾਂ ਲਿਆਂਦੀਆਂ, ਜਿਸ 'ਤੇ ਮੁੱਖ ਮੰਤਰੀ ਮਾਨ ਨੇ ਭਰੋਸਾ ਦਿੰਦਿਆਂ ਕਿਹਾ ਕਿ ਇਲਾਕੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ |