ਕਿਸ਼ਨਗੜ੍ਹ, 5 ਮਾਰਚ (ਹੁਸਨ ਲਾਲ)- ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਇਕਾਈ ਜ਼ਿਲ੍ਹਾ ਜਲੰਧਰ ਵਲੋਂ ਸੂਬਾ ਸਰਕਾਰ ਤੋਂ ਅਧਿਆਪਕਾਂ ਦੀ ਫਰਵਰੀ ਮਹੀਨੇ ਦੀ ਤਨਖ਼ਾਹ ਜਾਰੀ ਕਰਨ ਲਈ ਲੋੜੀਂਦਾ ਬਜਟ ਤੁਰੰਤ ਜਾਰੀ ਕਰਨ ਦੀ ਪੁਰਜ਼ੋਰ ਮੰਗ ਕੀਤੀ | ਜਥੇਬੰਦੀ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ: ਸਿੱ:) ਜਲੰਧਰ ਮੈਡਮ ਹਰਜਿੰਦਰ ਕੌਰ ਨਾਲ ਮੀਟਿੰਗ ਦੌਰਾਨ ਜ਼ਿਲ੍ਹਾ ਜਲੰਧਰ ਦੇ ਕੁੱਝ ਬਲਾਕਾਂ ਦੇ ਅਧਿਆਪਕਾਂ ਨੂੰ ਫਰਵਰੀ 2026 ਦੀ ਤਨਖ਼ਾਹ ਜਾਰੀ ਨਾ ਹੋਣ ਬਾਰੇ ਗੱਲਬਾਤ ਕਰਨ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ: ਸਿੱ:) ਜਲੰਧਰ ਨੇ ਦੱਸਿਆ ਕਿ ਤਨਖ਼ਾਹਾਂ ਲਈ ਲੋੜੀਂਦਾ ਬਜਟ ਨਾ ਹੋਣ ਕਾਰਨ ਜਾਰੀ ਨਹੀਂ ਹੋ ਸਕਿਆ | ਇਸ ਮੀਟਿੰਗ ਵਿਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ: ਸਿੱ:) ਮੁਨੀਸ਼ ਸ਼ਰਮਾ ਅਤੇ ਦਫ਼ਤਰ ਤੋਂ ਸੰਬੰਧਿਤ ਜੂਨੀਅਰ ਸਹਾਇਕ ਦੀਪਕ ਸਿੱਧੂ ਮੌਜੂਦ ਸਨ | ਜਥੇਬੰਦੀ ਵਲੋਂ ਅਧਿਆਪਕਾਂ ਦੀਆਂ ਤਨਖ਼ਾਹਾਂ ਲਈ ਲੋੜੀਂਦਾ ਬਜਟ ਜਾਰੀ ਨਾ ਸੂਰਤ ਵਿੱਚ ਰੋਸ ਵਜੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਉਪਰੰਤ ਮਿਤੀ 13 ਮਾਰਚ 2026 ਤੋਂ ਬਾਅਦ ਦੁਪਹਿਰ ਲਗਾਤਾਰ ਅਣਮਿੱਥੇ ਸਮੇਂ ਲਈ ਪੰਜਾਬ ਸਰਕਾਰ ਵਿਰੁੱਧ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ( ਐ: ਸਿੱ:) ਜਲੰਧਰ ਵਿਖੇ ਧਰਨਾ ਦਿੱਤਾ ਜਾਵੇਗਾ | ਇਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ, ਜਨਰਲ ਸਕੱਤਰ ਰਿਸ਼ੀ ਕੁਮਾਰ, ਸੀਨੀਅਰ ਮੀਤ ਪ੍ਰਧਾਨ ਭਗਵੰਤ ਪਿ੍ਤਪਾਲ ਸਿੰਘ, ਪ੍ਰਧਾਨ ਚਰਨਜੀਤ ਸਿੰਘ, ਧੀਰਜ ਡੋਗਰਾ, ਸੋਨੂੰ ਭਗਤ, ਰਜਿੰਦਰ ਕੁਮਾਰ (ਦੋਵੇਂ ਮੀਤ ਪ੍ਰਧਾਨ) ਨਵੀਨ ਸ਼ਰਮਾ, ਪੰਕਜ ਧੂੜੀਆ (ਦੋਵੇਂ ਸਹਾ. ਜਥੇਬੰਦਕ ਸਕੱਤਰ) ਹਰਪਾਲ ਸਿੰਘ, ਜਗਸੀਰ ਸਿੰਘ ਅਤੇ ਹੋਰ ਅਧਿਆਪਕ ਹਾਜ਼ਰ ਸਨ |