ਜਲੰਧਰ, 6 ਮਾਰਚ (ਸ਼ਿਵ)-ਗੁਰੂ ਰਵਿਦਾਸ ਐਜੂਕੇਸ਼ਨਲ ਐਂਡ ਚੈਰਿਟੇਬਲ ਟਰਸਟ ਬੂਟਾ ਮੰਡੀ ਜਲੰਧਰ ਅਤੇ ਸਤਿਗੁਰੂ ਰਵੀਦਾਸ ਧਾਮ ਦੀ ਕਮੇਟੀ ਵਲੋਂ ਜਲੰਧਰ ਦੇ ਮੇਅਰ ਸ੍ਰੀ ਵਨੀਤ ਧੀਰ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਟਰੱਸਟ ਦੇ ਪ੍ਰਧਾਨ ਸ੍ਰੀ ਹਰਦਿਆਲ ਬੰਗੜ , ਜਨਰਲ ਸਕੱਤਰ ਸ੍ਰੀ ਵਿਨੋਦ ਕੋਲ, ਖਜਾਨਚੀ ਸ੍ਰੀ ਗੌਰਵ ਮਹੇ, ਮੀਤ ਪ੍ਰਧਾਨ ਸ੍ਰੀ ਰਜਿੰਦਰ ਮਹੇ ਅਤੇ ਇਲਾਕੇ ਦੇ ਕੌਂਸਲਰ ਪਤੀ ਸ੍ਰੀ ਅਯੂਬ ਦੁੱਗਲ ਮੌਜੂਦ ਸਨ | ਮੁਲਾਕਾਤ ਦੌਰਾਨ ਟੀਮ ਵੱਲੋਂ ਸ੍ਰੀ ਗੁਰੂ ਰਵੀਦਾਸ ਚੌਕ ਵਿੱਚ ਕੁਝ ਜ਼ਰੂਰੀ ਸੁਧਾਰ ਅਤੇ ਸੋਧ ਕਰਨ ਲਈ ਬੇਨਤੀ ਕੀਤੀ ਗਈ | ਮੇਅਰ ਨੇ ਲੋਕਾਂ ਦੀ ਗੱਲ ਬੜੇ ਪਿਆਰ ਅਤੇ ਧਿਆਨ ਨਾਲ ਸੁਣੀ ਅਤੇ ਚੌਕ ਅਤੇ ਆਸ-ਪਾਸ ਦੀਆਂ ਸੜਕਾਂ 'ਤੇ ਜਿਹੜੇ ਵੀ ਸੁਧਾਰ ਹੋ ਸਕਦੇ ਹਨ, ਉਨ੍ਹਾਂ ਨੂੰ ਕਰਵਾਉਣ ਲਈ ਆਪਣੀ ਸਹਿਮਤੀ ਦਿੱਤੀ | ਇਸ ਦੇ ਨਾਲ ਹੀ ਉਨਾਂ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਕਮੇਟੀ ਵੱਲੋਂ ਰੱਖੇ ਗਏ ਇਹ ਕੰਮ ਜਲਦੀ ਤੋਂ ਜਲਦੀ ਕਰਵਾਏ ਜਾਣ ਤਾਂ ਜੋ ਸਤਿਗੁਰੂ ਰਵੀਦਾਸ ਚੌਂਕ ਦੀ ਖੂਬਸੂਰਤੀ ਹੋਰ ਨਿਖਰ ਕੇ ਸਾਹਮਣੇ ਆਵੇ ਅਤੇ ਇਹ ਚੌਂਕ ਸੰਗਤਾਂ ਦੇ ਹਵਾਲੇ ਹੋਰ ਵੀ ਸੁੰਦਰ ਢੰਗ ਨਾਲ ਕੀਤਾ ਜਾ ਸਕੇ | ਇਸ ਮੌਕੇ ਗੁਰੂ ਰਵੀਦਾਸ ਐਜੂਕੇਸ਼ਨਲ ਐਂਡ ਚੈਰਿਟੇਬਲ ਟਰਸਟ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਮੇਅਰ ਸ੍ਰੀ ਵਨੀਤ ਧੀਰ ਦਾ ਦਿਲੋਂ ਧੰਨਵਾਦ ਕੀਤਾ ਗਿਆ |