ਜਲੰਧਰ, 7 ਮਾਰਚ (ਸ਼ਿਵ)-ਜੇਕਰ ਇੰਪਰੂਵਮੈਂਟ ਟਰੱਸਟ ਸਮੇਂ ਸਿਰ ਅਲਾਟੀਆਂ ਦੀ ਕਰੀਬ 85 ਕਰੋੜ ਦੀ ਅਦਾਇਗੀ ਨਹੀਂ ਕਰਦਾ ਹੈ ਤਾਂ ਇਸ ਸਾਲ ਇਹ ਰਕਮ ਵਧ ਕੇ 100 ਕਰੋੜ ਤੱਕ ਪੁੱਜ ਸਕਦੀ ਹੈ, ਜਿਸ ਨਾਲ ਟਰੱਸਟ ਲਈ ਹੋਰ ਮੁਸ਼ਕਿਲਾਂ ਵੀ ਖੜ੍ਹੀਆਂ ਹੋ ਸਕਦੀਆਂ ਹਨ | ਇੰਪਰੂਵਮੈਂਟ ਟਰੱਸਟ ਦੀਆਂ ਤਿੰਨ ਸਕੀਮਾਂ ਜਿਨ੍ਹਾਂ 'ਚ ਬੀਬੀ ਭਾਨੀ ਕੰਪਲੈਕਸ, ਸੂਰਿਆ ਇਨਕਲੇਵ ਐਕਸਟੈਨਸ਼ਨ ਤੇ ਇੰਦਰਾਪੁਰਮ ਮਾਸਟਰ ਗੁਰਬੰਤਾ ਸਿੰਘ ਸਕੀਮ ਦੇ ਅਲਾਟੀਆਂ ਵਲੋਂ ਫਲੈਟਾਂ ਤੇ ਪਲਾਟਾਂ 'ਚ ਸਹੂਲਤਾਂ ਨਾ ਮਿਲਣ 'ਤੇ ਅਲਾਟੀਆਂ ਵਲੋਂ ਆਪਣੀਆਂ ਰਕਮਾਂ ਲੈਣ ਲਈ ਖਪਤਕਾਰ ਕਮਿਸ਼ਨ ਵਿਚ ਕੇਸ ਕੀਤੇ ਗਏ ਸਨ, ਜਿਨ੍ਹਾਂ 'ਚ ਹੁਣ ਤੱਕ 280 ਅਲਾਟੀਆਂ ਦੇ ਕੇਸਾਂ 'ਚ ਟਰੱਸਟ ਵਲੋਂ ਉਨ੍ਹਾਂ ਦੀ 85 ਕਰੋੜ ਰਕਮ ਦੀ ਅਦਾਇਗੀ ਕਰਨੀ ਹੈ | ਇਸ ਤੋਂ ਇਲਾਵਾ ਖਪਤਕਾਰ ਕਮਿਸ਼ਨ 'ਚ 200 ਹੋਰ ਕੇਸ ਚੱਲ ਰਹੇ ਹਨ | ਇਨ੍ਹਾਂ ਕੇਸਾਂ ਵਿਚ ਵੀ ਜੇਕਰ ਅਲਾਟੀਆਂ ਦੇ ਹੱਕ ਵਿਚ ਫ਼ੈਸਲੇ ਆਉਂਦੇ ਹਨ ਤਾਂ ਕੁੱਝ ਸਮੇਂ 'ਚ ਹੀ ਟਰੱਸਟ ਵੱਲ ਅਲਾਟੀਆਂ ਦੀ ਇਹ ਦੇਣਦਾਰੀ 100 ਕਰੋੜ ਤੱਕ ਪੁੱਜ ਜਾਵੇਗੀ | ਟਰੱਸਟ ਵਲੋਂ ਅਲਾਟੀਆਂ ਦੀ ਜਿਹੜੀ ਰਕਮ ਦੀ ਅਦਾਇਗੀ ਕੀਤੀ ਜਾਣੀ ਹੈ | ਉਨ੍ਹਾਂ 'ਚ ਮੁਆਵਜ਼ੇ ਤੇ ਕਾਨੂੰਨੀ ਖ਼ਰਚੇ ਸਮੇਤ ਅਲਾਟੀਆਂ ਦੀ ਦਿੱਤੀ ਗਈ ਰਕਮ 'ਤੇ 9 ਫੀਸਦੀ ਵਿਆਜ ਨਾਲ ਅਦਾਇਗੀ ਕਰਨੀ ਹੁੰਦੀ ਹੈ ਤੇ ਕਈ ਕੇਸਾਂ 'ਚ ਜੇਕਰ ਟਰੱਸਟ ਵਲੋਂ 45 ਦਿਨਾਂ ਵਿਚ ਇਹ ਅਦਾਇਗੀ ਨਹੀਂ ਕੀਤੀ ਜਾਂਦੀ ਹੈ ਤਾਂ ਟਰੱਸਟ ਵਲੋਂ ਅਲਾਟੀਆਂ ਨੂੰ 12 ਫੀਸਦੀ ਦੇ ਹਿਸਾਬ ਨਾਲ ਵਿਆਜ ਦੇਣ ਦੇ ਆਦੇਸ਼ ਵੀ ਦਿੱਤੇ ਗਏ ਹਨ | ਜਿਸ ਤਰ੍ਹਾਂ ਨਾਲ ਟਰੱਸਟ ਵੱਲ ਦੇਣਦਾਰੀ ਵਧ ਰਹੀ ਹੈ ਤਾਂ ਉਸ ਨਾਲ ਟਰੱਸਟ ਦੀਆਂ ਮੁਸ਼ਕਿਲਾਂ ਵੀ ਵਧਦੀਆਂ ਦੱਸੀਆਂ ਜਾ ਰਹੀਆਂ ਹਨ | ਇੰਪਰੂਵਮੈਂਟ ਟਰੱਸਟ ਵਲੋਂ ਅਲਾਟੀਆਂ ਦੀ ਅਦਾਇਗੀ ਕਰਨ ਤੇ ਹੋਰ ਕੰਮ ਕਰਵਾਉਣ ਲਈ ਆਪਣੀਆਂ 100 ਕਰੋੜ ਦੇ ਕਰੀਬ ਜਾਇਦਾਦਾਂ ਨੂੰ ਵੇਚਣ 'ਤੇ ਲਗਾਇਆ ਹੋਇਆ ਹੈ | ਇਨ੍ਹਾਂ ਦੀ ਕੀਮਤ 500 ਕਰੋੜ ਤੋਂ ਜ਼ਿਆਦਾ ਦੀ ਦੱਸੀ ਜਾਂਦੀ ਹੈ | ਟਰੱਸਟ ਸੂਤਰਾਂ ਮੁਤਾਬਕ ਅਜੇ ਤੱਕ ਇਨ੍ਹਾਂ ਵਿਚੋਂ 2.50 ਕਰੋੜ ਮੁੱਲ ਦੀਆਂ 3 ਤੋਂ 4 ਜਾਇਦਾਦਾਂ ਦੀ ਵਿਕਰੀ ਹੋ ਸਕੀ ਹੈ | ਇਨ੍ਹਾਂ ਸਾਰੀਆਂ ਜਾਇਦਾਦਾਂ ਦੇ ਨਾ ਵਿਕਣ ਦਾ ਇਕ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਇਨ੍ਹਾਂ ਵਿਚ ਵਿਕਾਸ ਦੇ ਕੰਮ ਨਹੀਂ ਹੋ ਸਕੇ ਹਨ ਤੇ ਜਿਸ ਕਰਕੇ ਹੁਣ ਟਰੱਸਟ ਵਲੋਂ ਇਨ੍ਹਾਂ ਜਾਇਦਾਦਾਂ ਨੂੰ ਵੇਚਣ ਲਈ ਉਥੇ ਜਲਦੀ ਹੀ ਵਿਕਾਸ ਦੇ ਕੰਮ ਸ਼ੁਰੂ ਕਰਵਾਏ ਜਾ ਸਕਦੇ ਹਨ ਤਾਂ ਜੋ ਜਾਇਦਾਦਾਂ ਵੇਚਣ 'ਚ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ | ਜੇਕਰ ਇਹ ਜਾਇਦਾਦਾਂ ਸਮੇਂ ਸਿਰ ਨਹੀਂ ਵਿਕਦੀਆਂ ਹਨ ਤਾਂ ਟਰੱਸਟ ਵੱਲ ਦੇਣਦਾਰੀ ਹੋਰ ਵੱਧ ਜਾਵੇਗੀ | ਉਂਜ ਜਿੰਨੀ ਅਦਾਇਗੀ ਟਰੱਸਟ ਨੇ ਅਲਾਟੀਆਂ ਨੂੰ ਕਰਨੀ ਹੈ, ਉਸ ਦੀ ਵਿਆਜ ਹੀ ਸਾਲਾਨਾ ਕਰੋੜਾਂ ਵਿਚ ਪੁੱਜ ਜਾਂਦਾ ਹੈ | ਜੇਕਰ ਇੰਪਰੂਵਮੈਂਟ ਟਰੱਸਟ ਅਲਾਟੀਆਂ ਦੀ ਅਦਾਇਗੀ ਸਮੇਂ ਸਿਰ ਕਰਨ ਵਿਚ ਕਾਮਯਾਬ ਹੋ ਜਾਂਦਾ ਹੈ ਤਾਂ ਉਸ ਦਾ ਕਰੋੜਾਂ ਰੁਪਏ ਬੱਚ ਸਕਦਾ ਹੈ | ਟਰੱਸਟ ਨੂੰ ਆਪਣੀਆਂ 2 ਫ਼ੇਲ੍ਹ ਸਕੀਮਾਂ ਕਰਕੇ ਹੀ ਅਲਾਟੀਆਂ ਵਲੋਂ ਕੀਤੇ ਗਏ ਕੇਸਾਂ ਕਰਕੇ ਦੇਣੀ ਪੈ ਰਹੀ ਹੈ | ਅਜੇ ਤੱਕ ਟਰੱਸਟ ਵਲੋਂ ਵੀ ਇਨ੍ਹਾਂ ਕਾਲੋਨੀਆਂ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ ਕਿ ਇਨ੍ਹਾਂ ਨੂੰ ਨਿੱਜੀ ਕੰਪਨੀਆਂ ਨੂੰ ਵੇਚ ਕੇ ਉਹ ਕਰੋੜਾਂ ਰੁਪਏ ਦੀ ਕਮਾਈ ਕਰ ਸਕਦਾ ਹੈ | ਬੀਬੀ ਭਾਨੀ ਕੰਪਲੈਕਸ ਤੇ ਇੰਦਰਾਪੁਰਮ 'ਚ ਵੀ ਬਣੇ ਹੋਏ ਫਲੈਟਾਂ ਦੀ ਹਾਲਤ ਤਾਂ ਕਾਫੀ ਮਾੜੀ ਹੋ ਗਈ ਹੈ | ਕਈ ਬਾਰ ਇਨ੍ਹਾਂ ਫਲੈਟਾਂ 'ਚ ਬਾਹਰੀ ਲੋਕਾਂ ਦੇ ਰਹਿਣ ਜਾਂ ਫਿਰ ਕੁੰਡੀਆਂ ਨਾਲ ਬਿਜਲੀ ਚੋਰੀ ਹੋਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ | ਆਪਣੀਆਂ ਅਦਾਇਗੀਆਂ ਲੈਣ ਲਈ ਅਲਾਟੀਆਂ ਵਲੋਂ ਕਈ ਬਾਰ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ ਤੇ ਇਸ ਤੋਂ ਇਲਾਵਾ ਮੁੱਖ ਮੰਤਰੀ ਨੂੰ ਵੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ | ਬੀਬੀ ਭਾਨੀ ਕੰਪਲੈਕਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਅਹੂਜਾ ਦਾ ਕਹਿਣਾ ਸੀ ਕਿ ਟਰੱਸਟ ਨੂੰ ਅਲਾਟੀਆਂ ਦੀ ਅਦਾਇਗੀ ਦੇਣ ਦਾ ਕੰਮ ਤੇਜ਼ੀ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਉਹ ਭਾਰੀ ਵਿਆਜ ਦੀ ਰਕਮ ਤੋਂ ਬੱਚ ਸਕੇ |