ਜੰਡਿਆਲਾ ਮੰਜਕੀ, 8 ਮਾਰਚ (ਸੁਰਜੀਤ ਸਿੰਘ ਜੰਡਿਆਲਾ)-ਗੁਰੂ ਰਾਮਦਾਸ ਜੀ ਅਨੰਦ ਕਾਰਜ ਸੁਸਾਇਟੀ ਜੰਡਿਆਲਾ ਮੰਜਕੀ ਵਲੋਂ ਸਮੂਹ ਟੋਰਾਂਟੋ ਕੈਨੇਡਾ ਵਸਦੇ ਤੇ ਹੋਰ ਮੁਲਕਾਂ ਵਿਚ ਵਸੇ ਪ੍ਰਵਾਸੀ ਪੰਜਾਬੀਆਂ, ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਦੇਹਰਾ ਸਾਹਿਬ ਪਾਤਿਸ਼ਾਹੀ ਪੰਜਵੀਂ ਜੰਡਿਆਲਾ-ਭੰਗਾਲਾ 'ਚ 11 ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਅਨੰਦ ਕਾਰਜ ਕਰਵਾਏ ਗਏ | ਨਵੀਆਂ ਵਿਆਹੀਆਂ ਜੋੜੀਆਂ ਨੂੰ ਪ੍ਰਬੰਧਕਾਂ ਵਲੋਂ ਰੋਜ਼ਾਨਾ ਵਰਤੋਂ ਵਿਚ ਆਉਣ ਵਾਲਾ ਐਲ. ਸੀ. ਡੀ., ਵਾਸ਼ਿੰਗ ਮਸ਼ੀਨ, ਫਰਿਜ਼, ਡਬਲ ਬੈੱਡ, ਭਾਂਡੇ, ਸੂਟ ਸਿਲਾਈ ਮਸ਼ੀਨ, ਪੱਖਾ, ਮੇਜ ਕੁਰਸੀਆਂ ਤੇ ਹੋਰ ਲੋੜੀਂਦਾ ਸਾਮਾਨ ਵੀ ਦਿੱਤਾ ਗਿਆ | ਕਾਰ ਸੇਵਾ ਵਾਲੇ ਬਾਬਾ ਕੁਲਦੀਪ ਸਿੰਘ, ਮੁੱਖ ਸੇਵਾਦਾਰ ਭੁਪਿੰਦਰ ਸਿੰਘ ਖਾਲਸਾ, ਅਤੇ ਪਤਵੰਤਿਆਂ ਵਲੋਂ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ | ਮੰਗਲ ਸਿੰਘ ਬਾਸੀ ਚੇਅਰਮੈਨ ਪੰਜਾਬ ਐਗਰੋ, ਗੁਰਚੇਤਨ ਸਿੰਘ ਜੌਹਲ, ਜਗਜੀਤ ਸਿੰਘ ਜੌਹਲ ਆਦਿ ਨਵੀਆਂ ਵਿਆਹੀਆਂ ਜੋੜੀਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ 'ਤੇ ਪੁੱਜੇ | ਜ਼ਿਕਰਯੋਗ ਹੈ ਕਿ ਮਾਤਾ ਗੰਗਾ ਜੀ ਨੂੰ ਮੌ ਸਾਹਿਬ ਵਿਆਹੁਣ ਜਾਂਦੇ ਸਮੇਂ ਗੁਰੂ ਅਰਜਨ ਸਾਹਿਬ ਇਸ ਇਤਿਹਾਸਿਕ ਸਥਾਨ ਤੇ ਰੁਕੇ ਸਨ ਅਤੇ ਉਸੇ ਸਥਾਨ 'ਤੇ ਹੀ ਹਰ ਵਰ੍ਹੇ 11 ਲੜਕੀਆਂ ਦੇ ਆਨੰਦ ਕਾਰਜ ਕੀਤੇ ਜਾਂਦੇ ਹਨ | ਇਸ ਮੌਕੇ ਇਲਾਕੇ ਭਰ ਦੇ ਪੰਚ ਸਰਪੰਚ ਤੇ ਪਤਵੰਤੇ ਹਾਜ਼ਰ ਸਨ |