ਜਲੰਧਰ ਛਾਉਣੀ, 10 ਮਾਰਚ (ਪਵਨ ਖਰਬੰਦਾ)-ਦੇਸ਼ ਦੇ ਵੱਖ-ਵੱਖ ਖੇਤਰਾਂ 'ਚ ਗੈਸ ਸਿਲੰਡਰ ਦੀ ਘਾਟ ਹੋਣ ਕਾਰਨ ਜਿਥੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਜਲੰਧਰ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਸਥਿਤ ਖਾਣ-ਪਾਣੀ ਵਾਲੀਆਂ ਰੇਹੜੀਆਂ ਤੇ ਕੁਝ ਰੈਸਟੋਰੈਂਟ ਆਦਿ 'ਚ ਸ਼ਰੇਆਮ ਘਰੇਲੂ ਗੈਸ ਸਿਲੰਡਰ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਖ਼ਾਸ ਤੌਰ 'ਤੇ ਸੰਬੰਧਿਤ ਕੰਪਨੀਆਂ ਦੇ ਅਧਿਕਾਰੀਆਂ ਨੂੰ ਗੰਭੀਰਤਾ ਨਾਲ ਕੰਮ ਲੈਣਾ ਚਾਹੀਦਾ ਹੈ | ਸੂਤਰ ਦੱਸਦੇ ਹਨ ਕਿ ਗੈਸ ਸਿਲੰਡਰ ਦੀ ਘਾਟ ਆਉਣ ਕਾਰਨ ਜਿਥੇ ਲੋਕਾਂ ਵਲੋਂ ਆਪਣੇ ਘਰਾਂ 'ਚ ਗੈਸ ਨਾਲ ਭਰੇ ਹੋਏ ਸਿਲੰਡਰਾਂ ਨੂੰ ਡੰਪ ਕੀਤਾ ਜਾ ਰਿਹਾ ਹੈ, ਉੱਥੇ ਹੀ ਗੈਸ ਸਿਲੰਡਰ ਬਲੈਕ ਕਰਕੇ ਵੇਚਣ ਵਾਲੇ ਲੋਕਾਂ ਨੇ ਵੀ ਬਲੈਕ ਸਿਲੰਡਰ ਵੇਚਣ ਦੇ ਭਾਅ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ | ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਰੇਹੜੀਆਂ ਆਦਿ 'ਤੇ ਘਰੇਲੂ ਸਿਲੰਡਰਾਂ ਦੀ ਵਰਤੋ ਕਰਨ ਵਾਲੇ ਲੋਕਾਂ ਖ਼ਿਲਾਫ਼ ਪਹਿਲ ਦੇ ਆਧਾਰ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਵੱਧ ਰਹੀ ਗੈਸ ਸਿਲੰਡਰ ਦੀ ਕਿੱਲਤ ਤੋਂ ਬਚਿਆ ਜਾ ਸਕੇ |