ਜਲੰਧਰ, 27 ਮਾਰਚ (ਜਸਪਾਲ ਸਿੰਘ)-ਯੂਥ ਪੰਜਾਬ ਕ੍ਰਿਸ਼ਚੀਅਨ ਮੂਵਮੈਂਟ ਨੇ ਸੁਪਰੀਮ ਕੋਰਟ ਦੇ ਉਸ ਫੈਸਲਾ ਦਾ ਸਵਾਗਤ ਕੀਤਾ ਹੈ, ਜਿਸ ਵਿਚ ਧਰਮ ਪਰਿਵਰਤਨ ਦੇ ਮਾਮਲੇ 'ਚ ਰਾਖਵੇਂਕਰਨ ਦਾ ਹੱਕ ਖਤਮ ਕਰਨ ਬਾਰੇ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਫੈਸਲਾ ਲੰਬੇ ਸਮੇਂ ਤੋਂ ਪਛਾਣ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ | ਡਾ. ਤਰਸੇਮ ਮਸੀਹ ਕਾਹਨੂੰਵਾਨ ਜਨਰਲ ਸਕੱਤਰ, ਪਾਸਟਰ ਜੌਨ ਟਾਈਟਸ (ਚੇਅਰਮੈਨ ਧਾਰਮਿਕ ਮਾਮਲੇ), ਸ੍ਰੀਮਤੀ ਡੌਲੀ ਮਸੀਹ ਪ੍ਰਧਾਨ (ਮਹਿਲਾ ਵਿੰਗ), ਇਲਿਆਸ ਪ੍ਰਤਾਪਪੁਰਾ (ਜਨਰਲ ਸਕੱਤਰ ਆਰਗੇਨਾਈਜੇਸ਼ਨ), ਨਥੈਨੀਅਲ ਜੀਤਾ ਸਾਬਕਾ ਸਰਪੰਚ ਪਿੰਡ ਫੋਲੜੀਵਾਲ, ਸਟੀਫਨ ਗਾਖਲ (ਸਲਾਹਕਾਰ), ਡੈਨੀਅਲ ਸਿੱਧੂ, ਸਾਈਮਨ ਵਿਲਸਨ ਅਤੇ ਐਡਵੋਕੇਟ ਰੋਹਿਤ ਮਸੀਹ ਅਵਰਾਹਮ (ਸੂਬਾ ਯੂਥ ਵਿੰਗ ਜਨਰਲ ਸਕੱਤਰ) ਨੇ ਕਿਹਾ ਕਿ ਇਹ ਫੈਸਲਾ ਸਮਾਜ 'ਚ ਪਾਰਦਰਸ਼ਤਾ ਅਤੇ ਨਿਆਂ ਨੂੰ ਮਜ਼ਬੂਤ ਕਰੇਗਾ | ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਦੋਹਰੀ ਪਛਾਣ ਦੀ ਸਮੱਸਿਆ ਨੂੰ ਹੱਲ ਕਰਨ 'ਚ ਮਦਦ ਮਿਲੇਗੀ, ਕਿਉਂਕਿ ਇਸ ਨਾਲ ਕ੍ਰਿਸ਼ਚੀਅਨ ਭਾਈਚਾਰੇ ਦੀ ਅਸਲ ਗਿਣਤੀ ਅਤੇ ਰਾਜਨੀਤਕ ਨੁਮਾਇੰਦਗੀ ਪ੍ਰਭਾਵਿਤ ਹੋ ਰਹੀ ਸੀ |