ਜਲੰਧਰ, 28 ਮਾਰਚ (ਐੱਮ. ਐੱਸ. ਲੋਹੀਆ)-ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਸੰਗਤ ਦੇ ਸਹਿਯੋਗ ਨਾਲ 13 ਅਪ੍ਰੈਲ ਨੂੰ ਵਿਸ਼ਾਲ ਰੂਪ 'ਚ ਖ਼ਾਲਸਾ ਮਾਰਚ ਸਜਾਇਆ ਜਾਵੇਗਾ | ਇਸ ਸੰਬੰਧੀ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਤੇ ਸੇਵਾ ਸੁਸਾਇਟੀਆਂ ਦੇ ਨੁਮਾਇੰਦਿਆਂ ਦੀ ਇਕ ਅਹਿਮ ਇਕੱਤਰਤਾ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦੁਰ ਨਗਰ ਜਲੰਧਰ ਵਿਖੇ ਹੋਈ | ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਇਹ ਖ਼ਾਲਸਾ ਮਾਰਚ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਤੋਂ ਦੁਪਹਿਰ ਦੋ ਵਜੇ ਆਰੰਭ ਹੋਵੇਗਾ, ਜੋ ਕਿ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਮਾਡਲ ਟਾਊਨ ਮਾਰਕੀਟ, ਗੁਰਦੁਆਰਾ ਮਾਡਲ ਟਾਊਨ, ਗੁਰੂ ਨਾਨਕ ਮਿਸ਼ਨ ਗੁਰਦੁਆਰਾ, ਇਸ ਚੌਕ 'ਚ ਵੱਡੀਆਂ ਸਟੇਜਾਂ ਲਗਾ ਕੇ ਸਵਾਗਤ ਕੀਤਾ ਜਾਵੇਗਾ, ਗੁਰੂ ਨਾਨਕ ਮਿਸ਼ਨ ਤੋਂ ਜੋਤੀ ਚੌਕ, ਬਸਤੀ ਅੱਡਾ, ਪਟੇਲ ਚੌਕ, ਕਪੂਰਥਲਾ ਚੌਕ, ਬਸਤੀ ਮਿੱਠ, ਆਦਰਸ਼ ਨਗਰ ਤੋਂ ਹੁੰਦਾ ਹੋਇਆ ਰਾਤ 8 ਵਜੇ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ ਵਿਖੇ ਸਮਾਪਤ ਹੋਵੇਗਾ, ਜਿਥੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ | ਇਹ ਫ਼ੈਸਲਾ ਵੀ ਕੀਤਾ ਗਿਆ ਕਿ ਇਸ ਖ਼ਾਲਸਾ ਮਾਰਚ 'ਚ ਸ਼ਾਮਿਲ ਵੀਰ ਕੇਸਰੀ ਦਸਤਾਰਾਂ ਤੇ ਚਿੱਟੇ ਕੁੜਤੇ ਪਜਾਮੇ ਪਹਿਣ ਕੇ, ਜਦਕਿ ਬੀਬੀਆਂ ਕੇਸਰੀ ਚੁੰਨੀਆਂ ਤੇ ਚਿੱਟੇ ਸੂਟ ਪਾ ਕੇ ਸ਼ਾਮਿਲ ਹੋਣਗੀਆਂ | ਸੰਗਤ ਪੈਦਲ ਚੱਲਣ ਦੀ ਬਜਾਏ ਆਪੋ-ਆਪਣੀਆਂ ਗੱਡੀਆਂ, ਵਾਹਨਾਂ ਆਦਿ 'ਤੇ ਖ਼ਾਲਸਾ ਮਾਰਚ 'ਚ ਸ਼ਮੂਲੀਅਤ ਕਰੇਗੀ | ਪ੍ਰਬੰਧਕਾਂ ਨੇ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਉਹ ਦੁਪਹਿਰ 1 ਵਜੇ ਤੱਕ ਪਰਿਵਾਰਾਂ ਸਹਿਤ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਵਿਖੇ ਜ਼ਰੂਰ ਪਹੁੰਚਣ | ਇਕੱਤਰਤਾ 'ਚ ਇਸ 'ਚ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਦੇ ਮੁੱਖ ਸੇਵਾਦਾਰ ਗੁਰਕ੍ਰਿਪਾਲ ਸਿੰਘ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਪ੍ਰਧਾਨ ਗੁਰਬਖ਼ਸ਼ ਸਿੰਘ ਜੁਨੇਜਾ, ਗੁਰਦੁਆਰਾ ਨੌਵੀਂ ਪਾਤਸ਼ਾਹੀ ਤੋਂ ਕੰਵਲਜੀਤ ਸਿੰਘ ਓਬਰਾਏ (ਟੋਨੀ), ਸਰਪਰਸਤ ਜਸਵਿੰਦਰ ਸਿੰਘ ਮੱਕੜ, ਸੈਕਟਰੀ ਕੰਵਲਜੀਤ ਸਿੰਘ, ਮਨਜੀਤ ਸਿੰਘ ਠੁਕਰਾਲ, ਗੁਰਦੁਆਰਾ ਅਜੀਤ ਨਗਰ ਤੋਂ ਹਰਜੋਤ ਸਿੰਘ ਲੱਕੀ, ਗੁਰਮੀਤ ਸਿੰਘ ਅਰਨੇਜਾ, ਸਿੱਖ ਤਾਲਮੇਲ ਕਮੇਟੀ ਤੋਂ ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ, ਹਰਜਿੰਦਰ ਸਿੰਘ ਸਚਦੇਵਾ, ਗੁਰਿੰਦਰ ਸਿੰਘ ਮਝੈਲ, ਸੁਰਜੀਤ ਸਿੰਘ ਮਸਾਫ਼ਿਰ, ਗੁਰਦੀਪ ਸਿੰਘ (ਕਾਲੀਆ ਕਾਲੋਨੀ), ਸਤਪਾਲ ਸਿੰਘ ਸਿਦਕੀ, ਗੁਰਦੁਆਰਾ ਮਾਡਲ ਟਾਊਨ ਤੋਂ ਭਾਈ ਪਰਮਜੀਤ ਸਿੰਘ, ਪਰਮਪ੍ਰੀਤ ਸਿੰਘ ਵਿੱਟੀ, ਸਰਬਜੀਤ ਸਿੰਘ ਰਾਜਪਾਲ, ਮੋਹਨ ਸਿੰਘ ਫੌਜੀ, ਕਿਸਾਨ ਯੂਨੀਅਨ ਰਾਜੇਵਾਲ ਤੋਂ ਬਲਦੇਵ ਸਿੰਘ ਚਾਹਲ, ਭੁਪਿੰਦਰ ਸਿੰਘ ਖ਼ਾਲਸਾ, ਗੁਰਜੀਤ ਸਿੰਘ ਪੋਪਲੀ, ਸੰਨੀ ਰਾਠੌਰ ਅਤੇ ਹੋਰ ਹਾਜ਼ਰ ਸਨ |