ਜਮਸ਼ੇਰ ਖਾਸ, 28 ਮਾਰਚ (ਹਰਵਿੰਦਰ ਕੁਮਾਰ)-ਥਾਣਾ ਸਦਰ ਜਲੰਧਰ ਅਧੀਨ ਆਉਂਦੇ ਪਿੰਡਾਂ ਵਿਚ ਆਏ ਦਿਨੀਂ ਚੋਰਾਂ ਤੇ ਲੁਟੇਰਿਆਂ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ, ਜਿਸ ਕਾਰਨ ਇਲਾਕੇ ਦੇ ਲੋਕਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ | ਥਾਣਾ ਸਦਰ ਅਧੀਨ ਆਉਂਦੇ ਪਿੰਡ ਜਮਸ਼ੇਰ ਖਾਸ ਵਿਖੇ ਬੀਤੇ ਦਿਨ ਸ਼ਾਮ ਨੂੰ ਮੁੱਖ ਸੜਕ 'ਤੇ ਸਥਿਤ ਇਕ ਆਟਾ ਚੱਕੀ ਤੋਂ ਬਲਦੇਵ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਪਿੰਡ ਜਮਸ਼ੇਰ ਖਾਸ ਕਾਲੋਨੀ ਦੀ ਐਕਟਿਵਾ ਚੋਰੀ ਹੋਣ ਦੇ ਸਮਾਚਾਰ ਹਨ | ਜਾਣਕਾਰੀ ਦਿੰਦਿਆਂ ਪੀੜਤ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਸ਼ਾਮ ਨੂੰ ਦੀਪੇ ਦੀ ਆਟਾ ਚੱਕੀ 'ਤੇ ਆਪਣੀ ਐਕਟਿਵਾ ਨੰਬਰ ਪੀ ਬੀ 08 ਈਯੂ 8962 'ਤੇ ਪਿਸਵਾਈਆ ਆਟਾ ਲੈਣ ਆਇਆ ਸੀ, ਉਨ੍ਹਾਂ ਦੱਸਿਆ ਕੀ ਜਦੋਂ ਉਹ ਆਟਾ ਚੱਕੀ ਅੰਦਰ ਆਟਾ ਲੈਣ ਲਈ ਬੜਿਆ ਤੇ ਆਟਾ ਲੈ ਕੇ ਬਾਹਰ ਆਇਆ ਤਾਂ ਦੇਖਿਆ ਕਿ ਮੇਰੀ ਐਕਟਿਵਾ ਗਾਇਬ ਸੀ | ਪੀੜਤ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਇਕ ਗਰੀਬ ਪਰਿਵਾਰ ਨਾਲ ਸੰਬੰਧਿਤ ਹੈ ਤੇ ਕਵਾੜ ਦਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ | ਉਨ੍ਹਾਂ ਦੱਸਿਆ ਕਿ ਐਕਟਿਵਾ ਚੋਰੀ ਹੋਣ ਸੰਬੰਧੀ ਥਾਣਾ ਸਦਰ ਜਲੰਧਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |