ਮਕਸੂਦਾਂ, 28 ਮਾਰਚ (ਸੌਰਵ ਮਹਿਤਾ)-ਜਲੰਧਰ ਸ਼ਹਿਰ 'ਚ ਚੋਰੀ ਤੇ ਲੁੱਟ-ਖੋਹ ਦੀਆਂ ਲਗਾਤਾਰ ਵਧ ਰਹੀਆਂ | ਤਾਜ਼ਾ ਮਾਮਲਾ ਨਾਗਰਾ ਦੇ ਸ਼ਿਵ ਨਗਰ ਇਲਾਕੇ ਦਾ ਸਾਹਮਣੇ ਆਇਆ ਹੈ, ਜਿਥੇ ਬੀਤੇ ਦਿਨੀਂ ਟੈਕਸੀ ਡਰਾਈਵਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਤੋਂ ਨਕਦੀ ਲੁੱਟ ਲਈ ਗਈ, ਜਦਕਿ ਦੋਸ਼ੀਆਂ ਵਲੋਂ ਉਸ ਦਾ ਮੋਟਰਸਾਈਕਲ ਲੈ ਜਾਣ ਦੀ ਵੀ ਕੋਸ਼ਿਸ਼ ਕੀਤੀ ਗਈ | ਜਾਣਕਾਰੀ ਮੁਤਾਬਿਕ ਗੁਰਨਾਮ ਸਿੰਘ ਪੁੱਤਰ ਸਤਨਾਮ ਸਿੰਘ ਨਿਵਾਸੀ ਸ਼ਿਵ ਨਗਰ ਸਨਿਚਰਵਾਰ ਤੜਕੇ ਕਰੀਬ ਸਾਢੇ ਚਾਰ ਵਜੇ ਆਪਣੇ ਘਰ ਤੋਂ ਮਕਸੂਦਾਂ ਨੇੜੇ ਟੈਕਸੀ ਸਟੈਂਡ ਵੱਲ ਜਾ ਰਿਹਾ ਸੀ | ਘਰ ਤੋਂ ਕੁਝ ਹੀ ਦੂਰੀ 'ਤੇ ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ ਅਤੇ ਬਿਨਾਂ ਕਿਸੇ ਚਿਤਾਵਨੀ ਦੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਹਮਲੇ ਦੌਰਾਨ ਉਹ ਖੂਨ ਨਾਲ ਲੱਥਪੱਥ ਹੋ ਕੇ ਜ਼ਮੀਨ 'ਤੇ ਡਿੱਗ ਪਿਆ, ਜਿਸ ਤੋਂ ਬਾਅਦ ਦੋਸ਼ੀਆਂ ਨੇ ਉਸ ਦੀ ਜੇਬ 'ਚੋਂ ਕਰੀਬ 2500 ਰੁਪਏ ਨਕਦ ਲੁੱਟ ਲਏ | ਇਸ ਦੌਰਾਨ ਇਕ ਦੋਸ਼ੀ ਵਲੋਂ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਗਈ ਜਦਕਿ ਦੂਜੇ ਨੇ ਉਸ ਦਾ ਮੋਟਰਸਾਈਕਲ ਲੈ ਜਾਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਆਸ-ਪਾਸ ਦੇ ਲੋਕਾਂ ਨੇ ਸ਼ੋਰ ਸੁਣ ਕੇ ਇਕੱਠ ਹੋਣਾ ਸ਼ੁਰੂ ਕੀਤਾ ਤਾਂ ਦੋਸ਼ੀ ਮੋਬਾਈਲ ਤੇ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ | ਜ਼ਖ਼ਮੀ ਹਾਲਤ ਵਿਚ ਪੀੜਤ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ | ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਇਲਾਕੇ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ | ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚ ਪੁਲਿਸ ਗਸ਼ਤ ਨੂੰ ਵਧਾਇਆ ਜਾਵੇ |