ਜਲੰਧਰ, 2 ਅਪ੍ਰੈਲ (ਸ਼ਿਵ)-ਲੰਬੇ ਸਮੇਂ ਤੱਕ ਨਗਰ ਨਿਗਮ ਕੰਪਲੈਕਸ ਦੇ ਨਾਲ ਹੀ ਨਿਗਮ ਦੀ ਪੁਰਾਣੀ ਵਰਕਸ਼ਾਪ ਦੀ ਜਿਹੜੀ ਜਗ੍ਹਾਂ ਵਿਹਲੀ ਪਈ ਸੀ ਤਾਂ ਹੁਣ ਤੱਕ ਪਾਰਕਿੰਗ ਲਈ ਵਰਤੋਂ ਕੀਤੀ ਜਾ ਰਹੀ ਸੀ | ਹੁਣ ਇਸ ਜਗ੍ਹਾਂ 'ਤੇ ਸ਼ਹਿਰ ਵਿਚ ਪ੍ਰਧਾਨ ਮੰਤਰੀ ਇਲੈਕਟੋ੍ਰਨਿਕ ਬੱਸ ਯੋਜਨਾ ਦੇ ਤਹਿਤ ਜਿਹੜੀਆਂ 97 ਬੱਸਾਂ ਚਲਾਈਆਂ ਜਾਣੀਆਂ ਹਨ | ਉਸ ਲਈ ਉਥੇ ਕਿ ਬੱਸ ਡਿਪੂ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਇਸ ਤਰ੍ਹਾਂ ਦਾ ਇਕ ਬੱਸ ਡਿਪੂ ਲੰਬਾ ਪਿੰਡ ਚੌਕ ਨਿਗਮ ਦੀ ਵਰਕਸ਼ਾਪ ਵਿਚ ਵੀ ਬਣਾਇਆ ਜਾਣਾ ਹੈ | ਦੋਵੇਂ ਬੱਸ ਡਿਪੂਆਂ 'ਤੇ ਚਾਰਜਿੰਗ ਸਟੇਸ਼ਨ ਵੀ ਬਣਾਏ ਜਾਣਗੇ | ਨਿਗਮ ਕੰਪਲੈਕਸ ਦੇ ਨਾਲ ਹੀ ਜਿਸ ਥਾਂ 'ਤੇ ਬੱਸ ਡਿਪੂ ਬਣਾਉਣ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਪ੍ਰਧਾਨ ਮੰਤਰੀ ਇਲੈਕਟੋ੍ਰਨਿਕ ਬੱਸ ਯੋਜਨਾ ਦੇ ਤਹਿਤ ਜਲੰਧਰ ਸ਼ਹਿਰ ਲਈ 97 ਬੱਸਾਂ ਮਿਲਣਗੀਆਂ | ਇਹ ਬੱਸਾਂ 9 ਮੀਟਰ ਤੇ 12 ਮੀਟਰਾਂ ਦੀਆਂ ਬੱਸਾਂ ਹੋਣਗੀਆਂ ਜਦਕਿ ਪਹਿਲਾਂ 7 ਮੀਟਰ ਦੀਆਂ ਬੱਸਾਂ ਵੀ ਲਈਆਂ ਜਾਣੀਆਂ ਸੀ ਪਰ ਇਨ੍ਹਾਂ ਨੂੰ ਚਲਾਉਣ ਦਾ ਫ਼ੈਸਲਾ ਰੱਦ ਕੀਤਾ ਗਿਆ ਹੈ | ਬੱਸ ਡਿਪੂ ਬਣਾਉਣ ਦਾ ਕਰੀਬ 5 ਕਰੋੜ ਦਾ ਪ੍ਰਾਜੈਕਟ ਹੈ ਜਦਕਿ ਇਸ ਤੋਂ ਇਲਾਵਾ 97 ਬੱਸਾਂ ਦੀ ਖ਼ਰੀਦ ਕੀਤੀ ਜਾਣੀ ਹੈ ਜਿਸ ਲਈ 12 ਰੂਟ ਬਣਾਏ ਗਏ ਹਨ | ਇਨ੍ਹਾਂ ਰੂਟਾਂ 'ਚ ਬੱਸ ਸਟੈਂਡ ਤੋਂ ਇਲਾਵਾ 66 ਫੁੱਟੀ ਰੋਡ, ਰੇਲਵੇ ਸਟੇਸ਼ਨ, ਨਕੋਦਰ ਰੋਡ ਦਾ ਰੂਟ ਵੀ ਸ਼ਾਮਿਲ ਹੈ | ਸ਼ਹਿਰ 'ਚ ਪ੍ਰਦੂਸ਼ਣ ਘਟਾਉਣ 'ਤੇ ਟੈ੍ਰਫਿਕ ਨੂੰ ਕੰਟਰੋਲ ਕਰਨ ਲਈ ਬੱਸਾਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ | ਇਕ ਪਾਸੇ ਤਾਂ ਈ-ਬੱਸਾਂ ਚਲਾਉਣ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ ਜਦਕਿ ਇਸ ਤੋਂ ਪਹਿਲਾਂ ਸ਼ਹਿਰ 'ਚ ਕੂੜਾ ਚੁੱਕ ਕੇ ਲੈ ਜਾਣ ਲਈ ਜਿਹੜੇ ਸੀ. ਐਨ. ਜੀ. ਆਟੋ ਦੀ ਖ਼ਰੀਦ ਕੀਤੀ ਗਈ ਸੀ ਤੇ ਉਨ੍ਹਾਂ ਦੀ ਵਰਤੋਂ ਅਜੇ ਤੱਕ ਨਹੀਂ ਕੀਤੀ ਗਈ ਹੈ | ਇਨ੍ਹਾਂ ਆਟੋ ਦੀਆਂ ਬੈਟਰੀਆਂ ਵੀ ਚੋਰੀ ਹੋ ਗਈਆਂ ਸੀ | ਇਨ੍ਹਾਂ ਆਟੋ ਨੂੰ ਅਲੱਗ-ਅਲੱਗ ਵਾਰਡਾਂ ਵਿਚ ਕੂੜਾ ਚੁੱਕਣ ਦੇ ਕੰਮ 'ਤੇ ਲਗਾਇਆ ਜਾਣਾ ਸੀ | ਲੋਕਾਂ ਦਾ ਕਹਿਣਾ ਸੀ ਕਿ ਇਕ ਪਾਸੇ ਨਵੀਆਂ ਬੱਸਾਂ ਦੀ ਖ਼ਰੀਦ ਕੀਤੀ ਜਾਣੀ ਹੈ ਪਰ ਜਿਹੜੀ ਮਸ਼ੀਨਰੀ ਦੀ ਪਹਿਲਾਂ ਖ਼ਰੀਦ ਕੀਤੀ ਹੈ | ਉਸ ਦੀ ਵਰਤੋਂ ਵੀ ਕੀਤੀ ਜਾਣੀ ਚਾਹੀਦੀ ਹੈ | ਬੱਸ ਡਿਪੂ ਬਣਾਉਣ ਲਈ ਮਿੱਟੀ ਦੀ ਖ਼ੁਦਾਈ ਕੀਤੀ ਜਾ ਰਹੀ ਹੈ ਤੇ ਮਿੱਟੀ 'ਚ ਹੀ ਖ਼ਰੀਦੇ ਗਏ ਆਟੋ ਦੇ ਹੋਰ ਖ਼ਰਾਬ ਹੋ ਜਾਣ ਦੀ ਸ਼ੰਕਾ ਹੈ | ਲੋਕਾਂ ਦਾ ਕਹਿਣਾ ਸੀ ਕਿ ਖ਼ਰੀਦੇ ਗਏ ਸੀ. ਐਨ. ਜੀ. ਵਾਲੇ ਆਟੋ ਇਸ ਜਗ੍ਹਾਂ ਤੋਂ ਚੁਕਾ ਕੇ ਹੋਰ ਕਿਧਰੇ ਭੇਜੇ ਜਾਣੇ ਚਾਹੀਦੇ ਹਨ ਤਾਂ ਜੋ ਇਹ ਖ਼ਰਾਬ ਨਾ ਹੋ ਸਕਣ ਕਿਉਂਕਿ ਜ਼ਿਆਦਾ ਦੇਰ ਤੱਕ ਪਏ ਰਹਿਣ ਨਾਲ ਇਨ੍ਹਾਂ ਦੇ ਕੰਡਮ ਹੋਣ ਦੀ ਸ਼ੰਕਾ ਹੈ |