ਜਲੰਧਰ, 2 ਅਪ੍ਰੈਲ (ਐੱਮ. ਐੱਸ. ਲੋਹੀਆ)-ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ. ਐੱਨ. ਟੀ. ਐੱਫ਼.) ਜਲੰਧਰ ਰੇਂਜ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਇਕ ਨਸ਼ਾ ਤੱਸਕਰ ਤੋਂ ਇਕ ਕਿੱਲੋ 264 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਕਰਨਦੀਪ ਸਿੰਘ ਉਰਫ਼ ਕਰਨ ਪੁੱਤਰ ਸਤਨਾਮ ਸਿੰਘ ਵਾਸੀ ਗੁਰੂ ਤੇਗ ਬਹਾਦੁਰ ਨਗਰ, ਮਹਿਤਾ ਰੋਡ, ਅੰਮਿ੍ਤਸਰ ਵਜੋਂ ਦੱਸੀ ਗਈ ਹੈ | ਏ. ਐੱਨ. ਟੀ. ਐੱਫ਼. ਦੇ ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਜਲੰਧਰ ਰੇਂਜ ਜਗਜੀਤ ਸਿੰਘ ਸਰੋਆ ਨੇ ਜਾਣਕਾਰੀ ਦਿੱਤੀ ਕਿ ਡੀ. ਐੱਸ. ਪੀ. ਬਿਕਰਮਜੀਤ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਕੁਲਦੀਪ ਸਿੰਘ ਦੀ ਪੁਲਿਸ ਪਾਰਟੀ ਨੇ ਗ੍ਰੀਨ ਐਵੇਨਿਊ ਕਾਲੋਨੀ ਜੰਡਿਆਲਾ ਗੁਰੂ, ਅੰਮਿ੍ਤਸਰ ਵਿਖੇ ਕਾਰਵਾਈ ਕਰਦੇ ਹੋਏ ਕਰਨਦੀਪ ਸਿੰਘ ਉਰਫ਼ ਕਰਨ ਦੇ ਕਬਜ਼ੇ 'ਚੋਂ ਇਕ ਕਿੱਲੋ 264 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਨੂੰ ਗਿ੍ਫ਼ਤਾਰ ਕੀਤਾ ਹੈ | ਏ. ਆਈ. ਜੀ. ਸਰੋਆ ਨੇ ਦੱਸਿਆ ਕਿ ਮੁਲਜ਼ਮ ਤੋਂ ਕੀਤੀ ਮੁੱਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਉਹ ਨਸ਼ੇ ਕਰਨ ਦਾ ਆਦੀ ਹੈ ਤੇ ਜਲਦੀ ਪੈਸੇ ਕਮਾਉਣ ਲਈ ਉਹ ਖੁਦ ਨਸ਼ੇ ਵੇਚਣ ਦਾ ਧੰਦਾ ਕਰਨ ਲੱਗਾ ਸੀ | ਉਸ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ 'ਚ ਨਾਜਾਇਜ਼ ਹਥਿਆਰਾਂ, ਲੜਾਈ ਝਗੜੇ ਤੇ ਨਸ਼ੇ ਵੇਚਣ ਸੰਬੰਧੀ ਮੁਕੱਦਮੇ ਦਰਜ ਹਨ | ਏ. ਆਈ. ਜੀ. ਨੇ ਕਿਹਾ ਕਿ ਮੁਲਜ਼ਮ ਤੋਂ ਹੋਰ ਜਾਣਕਾਰੀ ਲੈਣ ਲਈ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |