ਜਲੰਧਰ, 2 ਅਪ੍ਰੈਲ (ਜਸਪਾਲ ਸਿੰਘ)-ਸਮਾਜ ਸੇਵੀ ਸੰਸਥਾ ਜੱਟ ਸਿੱਖ ਕੌਂਸਲ ਵਲੋਂ ਲਾਇਲਪੁਰ ਖਾਲਸਾ ਕਾਲਜ ਫਾਰ ਵੁਮੈਨ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ | ਇਸ ਮੌਕੇ ਸਕਾਲਰਸ਼ਿਪ ਰਾਸ਼ੀ ਦੇ ਚੈੱਕ ਸੰਸਥਾ ਦੇ ਆਗੂ ਸ. ਜਸਪਾਲ ਸਿੰਘ ਵੜੈਚ ਸੰਯੁਕਤ ਸਕੱਤਰ ਗਵਰਨਿੰਗ ਕੌਂਸਲ ਕੇ. ਸੀ. ਐਲ. ਗਰੁੱਪ ਆਫ਼ ਇੰਸਟੀਚਿਊਟਸ, ਕੁਲਜੀਤ ਸਿੰਘ ਹੇਅਰ ਪ੍ਰਧਾਨ ਜੱਟ ਸਿੱਖ ਕੌਂਸਲ, ਕੌਂਸਲ ਦੇ ਮੈਂਬਰ ਧਰਮਿੰਦਰ ਸਿੰਘ ਚਾਹਲ, ਬਹਾਦਰ ਸਿੰਘ ਅਤੇ ਤੇਜਿੰਦਰ ਸਿੰਘ ਸੋਹਲ ਵਲੋਂ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਗਏ | ਇਸ ਮੌਕੇ ਉਨ੍ਹਾਂ ਵਾਅਦਾ ਕੀਤਾ ਕਿ ਭਵਿੱਖ ਵਿਚ ਵੀ ਕੌਂਸਲ ਦੇ ਮੈਂਬਰ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਰਹਿਣਗੇ | ਇਸ ਮੌਕੇ ਪਿ੍ੰ. ਡਾ. ਸਰਬਜੀਤ ਕੌਰ ਰਾਏ ਨੇ ਜੱਟ ਸਿੱਖ ਕੌਂਸਲ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ ਵੀ ਸੰਸਥਾ ਨੂੰ ਆਪਣੇ ਵਿਦਿਆਰਥੀਆਂ ਲਈ ਅਜਿਹੇ ਦਾਨੀ ਸੱਜਣਾਂ ਦੀ ਲੋੜ ਹੁੰਦੀ ਹੈ ਤਾਂ ਜੱਟ ਸਿੱਖ ਕੌਂਸਲ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਹੈ | ਇਸ ਮੌਕੇ ਕੌਂਸਲ ਦੇ ਆਗੂਆਂ ਨੇ ਵਿਦਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਕੋਈ ਵੀ ਵਿਦਿਆਰਥੀ ਫੀਸ ਦੇ ਕਾਰਨ ਵਿੱਦਿਆ ਪ੍ਰਾਪਤ ਕਰਨ ਤੋਂ ਵਾਂਝਾ ਨਾ ਰਹੇ |