ਜਲੰਧਰ, 5 ਅਪ੍ਰੈਲ (ਸ਼ੈਲੀ)-ਬੀਤੇ ਦਿਨੀ ਇਕ ਨੌਜਵਾਨ ਦੀ ਮੌਤ ਤੋਂ ਬਾਅਦ ਮਿ੍ਤਕ ਦੇ ਪਰਿਵਾਰ ਨੇ ਆਪਣੇ ਸਮਰਥਕਾਂ ਨਾਲ ਮਿਲ ਕੇ ਕਾਰਵਾਈ ਦੀ ਮੰਗ ਕਰਦੇ ਹੋਏ ਥਾਣਾ 5 ਦੇ ਬਾਹਰ ਧਰਨਾ ਲਗਾ ਦਿੱਤਾ | ਇਸ ਦੌਰਾਨ ਸੜਕ ਦੋਵਾਂ ਪਾਸਿਆਂ ਤੋਂ ਜਾਮ ਕਰ ਦਿੱਤੀ ਗਈ | ਧਰਨੇ ਦੌਰਾਨ ਮਿ੍ਤਕ ਵਿਕਾਸ ਦੇ ਭਰਾ ਸਿਕੰਦਰ ਪੁੱਤਰ ਸ਼ਿਪੂ ਰਾਮ ਨਿਵਾਸੀ ਬਿਹਾਰ ਹਾਲ ਵਾਸੀ ਬਸਤੀ ਸ਼ੇਖ ਨੇ ਦੱਸਿਆ ਕਿ 28 ਮਾਰਚ ਨੂੰ ਉਸ ਦਾ ਭਰਾ ਵਿਕਾਸ ਦਵਾਈ ਲੈਣ ਲਈ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ | ਉਸ ਨੇ ਕਿਹਾ ਕਿ ਸੋਮਵਾਰ ਨੂੰ ਉਸ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਕਿ ਉਸਦਾ ਭਰਾ ਸਿਵਲ ਹਸਪਤਾਲ ਵਿਚ ਹੈ | ਜਦੋਂ ਉਹ ਉਥੇ ਗਿਆ ਤਾਂ ਪਤਾ ਲੱਗਿਆ ਕਿ ਉਸ ਦੇ ਭਰਾ ਦੀ ਮੌਤ ਹੋ ਗਈ ਹੈ | ਹਸਪਤਾਲ 'ਚੋਂ ਹੀ ਉਸ ਨੂੰ ਦੱਸਿਆ ਗਿਆ ਕਿ ਥਾਣਾ 5 ਦੀ ਪੁਲਿਸ ਉਸ ਨੂੰ ਜ਼ਖ਼ਮੀ ਹਾਲਤ 'ਚ ਲੈ ਕੇ ਆਈ ਸੀ | ਪੀੜਤ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਦੇਖੀ ਵੀਡੀਓ ਵਿਚ ਉਸ ਦੇ ਭਰਾ ਨੂੰ ਗੰਭੀਰ ਸੱਟਾਂ ਲੱਗੀਆਂ ਦਿਖਾਈ ਦੇ ਰਹੀਆਂ ਹਨ | ਉਸ ਨੇ ਕਿਹਾ ਕਿ ਉਸ ਨੇ ਆਪਣੇ ਭਰਾ ਦੀ ਮੌਤ ਦੇ ਕਾਰਨਾਂ ਦੀ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ ਸੀ, ਪਰ ਪੁਲਿਸ ਨੇ ਕਈ ਦਿਨਾਂ ਤੋਂ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਅੱਜ ਧਰਨਾ ਲਗਾਉਣਾ ਪਿਆ | ਮੌਕੇ 'ਤੇ ਪਹੁੰਚੇ ਥਾਣਾ 5 ਦੇ ਮੁਖੀ ਯਾਦਵਿੰਦਰ ਸਿੰਘ ਰਾਣਾ ਨੇ ਪੀੜਤ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਅਤੇ ਧਰਨਾ ਖਤਮ ਕਰਵਾਇਆ | ਉਸੇ ਸਮੇਂ ਇਕ ਟੀਮ ਮੌਕੇ ਦੇ ਆਸ ਪਾਸ ਦੀ ਸੀ. ਸੀ. ਟੀ. ਵੀ. ਦੀ ਚੈਕਿੰਗ ਲਈ ਭੇਜੀ | ਇਸ ਸੰਬੰਧੀ ਥਾਣਾ 5 ਦੇ ਇੰਚਾਰਜ ਇੰਸਪੈਕਟਰ ਯਾਦਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਪਹਿਲਾਂ ਹੀ ਮਾਮਲਾ ਦਰਜ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ ਤੇ ਨੇੜਲੇ ਇਲਾਕਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਜੋ ਵੀ ਦੋਸ਼ੀ ਹੋਵੇਗਾ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਕਾਰਵਾਈ ਦੀ ਮੰਗ ਨੂੰ ਲੈ ਕੇ ਥਾਣੇ ਦੇ ਬਾਹਰ ਲਗਾਇਆ ਧਰਨਾ
ਅਜੀਤ ਡੈਸਕ
06-04-2026