ਜਲੰਧਰ, 6 ਅਪ੍ਰੈਲ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਇਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਨੂੰ ਵਪਾਰਕ ਹਿੱਤਾਂ ਲਈ ਖੋਲ੍ਹੇ ਜਾਣ ਦੀ ਮੰਗ ਕਰਦੇ ਹੋਏ ਕਿਹਾ ਕਿ ਇਸ ਨਾਲ ਦੇਸ਼ ਤੇ ਸੂਬੇ ਦੀ ਕਮਜ਼ੋਰ ਹੋ ਚੁੱਕੀ ਆਰਥਿਕਤਾ ਨੂੰ ਨਵਾਂ ਹੁਲਾਰਾ ਮਿਲ ਸਕਦਾ ਹੈ ਤੇ ਇਸ ਰਸਤੇ ਹੋਣ ਵਾਲੇ ਵਪਾਰ ਨਾਲ ਪੰਜਾਬ ਮੁੜ ਤਰੱਕੀ ਤੇ ਖੁਸ਼ਹਾਲੀ ਦੇ ਰਾਹ ਪੈ ਸਕਦਾ ਹੈ | ਇਸ ਦੇ ਨਾਲ ਹੀ ਦੋਵਾਂ ਮੁਲਕਾਂ ਵਿਚਕਾਰ ਦੋਸਤਾਨਾਂ ਸੰਬੰਧ ਸਥਾਪਿਤ ਹੋਣ ਨਾਲ ਸੰਗਤਾਂ ਨੂੰ ਪਾਕਿਸਤਾਨ ਵਿਚਲੇ ਗੁਰਧਾਮਾਂ ਦੇ ਦਰਸ਼ਨਾਂ ਦਾ ਰਾਹ ਵੀ ਸੌਖਾ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਅੱਤਵਾਦ ਨੂੰ ਆਧਾਰ ਬਣਾ ਕੇ ਅਟਾਰੀ ਸਰਹੱਦ ਨੂੰ ਬੰਦ ਰੱਖਣਾ ਕਿਸੇ ਵੀ ਤਰ੍ਹਾਂ ਦੇਸ਼ ਤੇ ਪੰਜਾਬ ਦੇ ਹਿੱਤ 'ਚ ਨਹੀਂ ਹੈ | ਸ. ਮਾਨ ਨੇ ਸਵਾਲ ਕੀਤਾ ਕਿ ਅੱਜ ਅਟਾਰੀ ਸਰਹੱਦ ਬੰਦ ਹੋਣ ਨਾਲ ਅੱਤਵਾਦ ਰੁਕ ਗਿਆ ਹੈ ਜਾਂ ਘੁਸਪੈਠ ਹੋਣੀ ਬੰਦ ਹੋ ਗਈ ਹੈ? ਉਨ੍ਹਾਂ ਕਿਹਾ ਕਿ ਇਸ ਰਸਤੇ ਵਪਾਰ ਹੋਣ ਨਾਲ ਸੂਬੇ ਦੀ ਵਪਾਰੀਆਂ ਨੂੰ ਹੀ ਫਾਇਦਾ ਨਹੀਂ ਹੋਵੇਗਾ, ਬਲਕਿ ਕਿਸਾਨਾਂ ਤੇ ਸਨਅਤਕਾਰਾਂ ਨੂੰ ਵੀ ਵੱਡਾ ਲਾਭ ਹੋਵੇਗਾ | ਇਸ ਮੌਕੇ ਸ. ਸਿਮਰਨਜੀਤ ਸਿੰਘ ਮਾਨ ਨੇ ਕੈਨੇਡਾ ਤੇ ਹੋਰਨਾਂ ਮੁਲਕਾਂ 'ਚ ਸਿੱਖ ਆਗੂਆਂ ਦੇ ਹੋਏ ਕਤਲਾਂ ਪਿੱਛੇ ਕੇਂਦਰੀ ਏਜੰਸੀਆਂ ਦਾ ਹੱਥ ਹੋਣ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅੱਜ ਸਿੱਖ ਆਗੂ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਸੁਰੱਖਿਅਤ ਨਹੀਂ ਹਨ | ਇਸ ਮੌਕੇ ਉਨ੍ਹਾਂ ਕੇਂਦਰ ਸਰਕਾਰ 'ਤੇ ਇਕ ਹੋਰ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਰਕਾਰ ਵਲੋਂ ਜੇਲ੍ਹਾਂ 'ਚ ਬੰਦ ਗੈਂਗਸਟਰਾਂ ਕੋਲੋਂ ਇਹ ਹੱਤਿਆਵਾਂ ਕਰਵਾਈਆਂ ਜਾ ਰਹੀਆਂ ਹਨ | ਸ. ਮਾਨ ਨੇ ਸੂਬੇ 'ਚ ਝੂਠੇ ਪੁਲਿਸ ਮੁਕਾਬਲਿਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਅੱਜ ਪੁਲਿਸ ਵਲੋਂ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ 'ਚ ਮਾਰ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਗਈ ਹੈ | ਇਸ ਮੌਕੇ ਇਕ ਸਵਾਲ ਦੇ ਜਵਾਬ 'ਚ ਸ. ਮਾਨ ਨੇ ਡਾ. ਬੀ. ਆਰ. ਅੰਬੇਡਕਰ ਦੇ ਬੁੱਤਾਂ ਦੀ ਕੀਤੀ ਜਾ ਰਹੀ ਬੇਅਦਬੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਜਿਹੀਆਂ ਕਾਰਵਾਈਆਂ ਦੇ ਸਖਤ ਖਿਲਾਫ ਹੈ | ਇਸ ਮੌਕੇ ਸੀਨੀਅਰ ਆਗੂ ਡਾ. ਹਰਜਿੰਦਰ ਸਿੰਘ ਜੱਖੂ, ਡਾ. ਸੰਦੀਪ ਸਿੰਘ ਖਾਲਸਾ, ਮਨਜੀਤ ਸਿੰਘ ਰੇਰੂ, ਬੀਬੀ ਸੁਖਜੀਤ ਕੌਰ ਤੇ ਹੋਰ ਆਗੂ ਵੀ ਮੌਜੂਦ ਸਨ |