ਜਲੰਧਰ, 6 ਅਪ੍ਰੈਲ (ਸ਼ਿਵ)-ਧੋਗੜੀ ਰੋਡ ਸ਼ਮਸ਼ਾਨਘਾਟ ਦੇ ਅੰਦਰ ਲੱਗੇ ਟਿਊਬਵੈੱਲ ਦੇ ਬਿਜਲੀ ਮੀਟਰਾਂ ਦੀਆਂ ਤਾਰਾਂ ਚੋਰੀ ਕਰਨ ਨਾਲ ਪਾਣੀ ਸਪਲਾਈ ਬੰਦ ਹੋਣ ਨਾਲ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ | ਵਾਰਡ ਨੰਬਰ 3 ਦੇ ਆਮ ਆਦਮੀ ਪਾਰਟੀ ਦੇ ਆਗੂ ਤੇ ਕੌਂਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਮਸ਼ਾਨਘਾਟ ਵਿਚ ਜਿਹੜਾ ਟਿਊਬਵੈੱਲ ਲੱਗਾ ਹੈ, ਉਸ ਦਾ ਬਿਜਲੀ ਮੀਟਰ ਬਾਹਰ ਲੱਗਾ ਹੈ | ਚੋਰਾਂ ਵਲੋਂ ਇਸ ਮੀਟਰ ਨਾਲ ਲੱਗੀ 15 ਮੀਟਰ ਤਾਰ ਸ਼ਮਸ਼ਾਨਘਾਟ ਦੇ ਅੰਦਰੋਂ ਜਾ ਕੇ ਚੋਰੀ ਕਰ ਲਈ ਗਈ ਹੈ | ਉਨ੍ਹਾਂ ਦੱਸਿਆ ਕਿ ਇਸ ਨਾਲ ਧੋਗੜੀ ਰੋਡ ਤੇ ਹਰਿਗੋਬਿੰਦ ਨਗਰ 'ਚ ਪਾਣੀ ਸਪਲਾਈ ਬੰਦ ਹੋ ਗਈ ਹੈ, ਜਿਸ ਕਰਕੇ ਲੋਕ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਪੁਲਿਸ ਨੂੰ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਆਏ ਦਿਨ ਘਟਨਾਵਾਂ ਵਾਪਰ ਰਹੀਆਂ ਹਨ |