ਜਲੰਧਰ, 7 ਅਪ੍ਰੈਲ (ਸ਼ਿਵ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਜਲੰਧਰ ਦੇ ਸਾਰੇ ਸੀਵਰਾਂ ਦੀ 28 ਕਰੋੜ ਦੀ ਲਾਗਤ ਨਾਲ ਸੁਪਰ ਸਕਸ਼ਨ ਮਸ਼ੀਨ ਨਾਲ ਸੀਵਰ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ ਤੇ ਸਫ਼ਾਈ ਦਾ ਕੰਮ ਵੱਡੀਆਂ ਏਜੰਸੀਆਂ ਨੂੰ ਦਿੱਤਾ ਗਿਆ ਹੈ ਜਿਨ੍ਹਾਂ ਕੋਲ ਇਕ ਤੋਂ ਜ਼ਿਆਦਾ ਸੁਪਰ ਸਕਸ਼ਨ ਮਸ਼ੀਨਾਂ ਮੌਜੂਦ ਹਨ | ਮੇਅਰ ਵਨੀਤ ਧੀਰ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਕੀਤੀ | ਮੀਟਿੰਗ 'ਚ ਸ਼ਹਿਰ ਦੇ ਸੁਧਾਰ ਲਈ ਕੰਮ ਕੰਮ ਪਾਸ ਕਰਵਾਏ ਹਨ, ਜਿਨ੍ਹਾਂ ਬਾਰੇ ਮੇਅਰ ਵਨੀਤ ਧੀਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੀਵਰਾਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਨ ਲਈ ਏਜੰਸੀਆਂ ਨੂੰ ਇਕ ਹਫ਼ਤੇ ਵਿਚ ਵਰਕ ਆਰਡਰ ਅਲਾਟ ਕਰ ਦਿੱਤੇ ਜਾਣਗੇ | ਮੇਅਰ ਨੇ ਸ਼ਹਿਰ 'ਚ ਕੀਤੇ ਜਾਣ ਵਾਲੇ ਸੁਧਾਰ ਦੇ ਕੰਮਾਂ ਦਾ ਵਿਸਥਾਰ ਨਾਲ ਜਾਣਕਾਰੀ ਦਿੱਤੀ | 28 ਕਰੋੜ ਦੀ ਲਾਗਤ ਨਾਲ ਸ਼ਹਿਰ ਦੀਆਂ ਪ੍ਰਮੁੱਖ ਸੀਵਰ ਲਾਈਨਾਂ ਤੋਂ ਇਲਾਵਾ ਫੋਕਲ ਪੁਆਇੰਟ ਅਤੇ ਗਦਈਪੁਰ ਦੀ ਸਾਰੀ ਸੀਵਰ ਲਾਈਨ ਵੀ ਸਾਫ਼ ਕਰਵਾਈ ਜਾ ਰਹੀ ਹੈ ਕਿਉਂਕਿ ਸਨਅਤਕਾਰਾਂ ਦੀ ਕਾਫੀ ਦੇਰ ਤੋਂ ਮੰਗ ਚੱਲ ਰਹੀ ਸੀ ਕਿ ਉਨ੍ਹਾਂ ਦੇ ਇਲਾਕੇ ਦੀ ਸੀਵਰ ਸਫ਼ਾਈ ਦਾ ਕੰਮ ਨਹੀਂ ਹੋ ਰਿਹਾ ਹੈ | ਸੀਵਰ ਸਫ਼ਾਈ ਤੋਂ ਇਲਾਵਾ ਮਹਾਂਵੀਰ ਮਾਰਗ ਦੇ ਹੇਠਾਂ ਜਾ ਰਹੀ ਬਰਸਾਤੀ ਸੀਵਰ ਦੀ ਵੀ ਸਫ਼ਾਈ ਕਰਵਾਈ ਜਾ ਰਹੀ ਹੈ | ਨਿਗਮ ਵਲੋਂ ਹੋਰ ਜਿਹੜੇ ਅਹਿਮ ਕੰਮ ਕਰਵਾਏ ਜਾ ਰਹੇ ਹਨ | ਉਨ੍ਹਾਂ 'ਚ ਸਨਅਤੀ ਜ਼ੋਨਾਂ ਦੇ ਸਨਅਤਕਾਰਾਂ ਨੇ ਮੰਤਰੀ ਤੋਂ ਸ਼ਿਕਾਇਤ ਕੀਤੀ ਸੀ ਕਿ ਉਹ ਟੈਕਸਾਂ ਦੀ ਜਿੰਨੀ ਅਦਾਇਗੀ ਕਰਦੇ ਹਨ, ਉਹ ਸਾਰੇ ਇਕੱਠੇ ਕੀਤੇ ਜਾਂਦੇ ਟੈਕਸ ਉਨ੍ਹਾਂ ਦੇ ਸਨਅਤੀ ਜ਼ੋਨ 'ਚ ਵਿਕਾਸ ਦੇ ਕੰਮ ਲਈ ਨਹੀਂ ਖ਼ਰਚੇ ਜਾਂਦੇ ਤੇ ਇਸ ਕਰਕੇ ਮੰਤਰੀ ਦੀ ਹਦਾਇਤ 'ਤੇ ਹੁਣ ਸਨਅਤੀ ਜ਼ੋਨ 'ਚ ਬਿਜਲੀ ਦੇ ਬਿੱਲਾਂ ਦੇ ਨਾਲ ਹੀ ਪ੍ਰਾਪਰਟੀ ਟੈਕਸ ਵਸੂਲ ਕੀਤਾ ਜਾਵੇਗਾ ਤਾਂ ਬਾਅਦ 'ਚ ਸਨਅਤਕਾਰ ਦੇ ਮੈਂਬਰ ਸਮੇਤ ਇਕ ਸੁਸਾਇਟੀ ਬਣਾਈ ਜਾਵੇਗੀ | ਉਹ ਹੀ ਆਪਣੇ ਸਨਅਤੀ ਜ਼ੋਨ 'ਚ ਕੰਮ ਕਰਵਾਉਣ ਦੀ ਜਿਹੜੀ ਸਿਫ਼ਾਰਸ਼ ਕਰੇਗੀ, ਉਸ ਨੂੰ ਫ਼ੰਡ ਜਾਰੀ ਕਰ ਦਿੱਤੇ ਜਾਣਗੇ | ਸਰਕਾਰ ਨੇ ਸਨਅਤੀ ਵਿਕਾਸ ਲਈ ਸਨਅਤੀ ਪਾਰਕ ਬਣਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਉਸੇ ਤਰ੍ਹਾਂ ਨਾਲ ਸ਼ਹਿਰ ਵਿਚ ਵੀ ਵੱਡੇ ਕਾਲੋਨਾਈਜ਼ਰਾਂ ਵਲੋਂ ਸਨਅਤੀ ਪਾਰਕ ਬਣਾਏ ਜਾਣਗੇ, ਜਿਨ੍ਹਾਂ ਵਿਚ ਸਨਅਤਕਾਰਾਂ ਲਈ ਸਾਰੀਆਂ ਸਹੂਲਤਾਂ ਮੌਜੂਦ ਹੋਣਗੀਆਂ | ਮੇਅਰ ਵਨੀਤ ਧੀਰ ਨੇ ਦੱਸਿਆ ਕਿ ਲੈਦਰ ਕੰਪਲੈਕਸ ਦੇ ਲੋਕਾਂ ਵਲੋਂ ਵੀ ਸੀਵਰੇਜ ਸਮੱਸਿਆ ਹੱਲ ਕਰਨ ਦੀ ਮੰਗ ਉਠਾਈ ਗਈ ਸੀ ਪਰ ਇਸ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਕਿਉਂਕਿ ਕੰਪਲੈਕਸ ਦੀ ਸੀਵਰੇਜ ਸਮੱਸਿਆ ਹੱਲ ਕਰਨ ਲਈ ਇਕ ਨਵਾਂ ਡਿਸਪੋਜ਼ਲ ਬਣਾਇਆ ਜਾ ਰਿਹਾ ਹੈ, ਜਿਸ ਦੇ ਕੰਮ ਦਾ ਟੈਂਡਰ ਲਗਾ ਦਿੱਤਾ ਗਿਆ ਹੈ | ਮੇਅਰ ਨੇ ਕਿਹਾ ਕਿ ਇਨ੍ਹਾਂ ਕੰਮਾਂ ਨਾਲ ਸ਼ਹਿਰ 'ਚ ਕਾਫੀ ਸੁਧਾਰ ਹੋਵੇਗੀ ਸਗੋਂ ਸੀਵਰੇਜ ਬੰਦ ਹੋਣ ਦੀਆਂ ਸ਼ਿਕਾਇਤਾਂ 'ਚ ਕਾਫੀ ਕਮੀ ਆਏਗੀ ਸਗੋਂ ਬਰਸਾਤਾਂ ਵਿਚ ਪਾਣੀ ਨਿਕਾਸੀ ਵੀ ਬਿਹਤਰ ਤਰੀਕੇ ਨਾਲ ਹੋ ਸਕੇਗੀ |