ਜਲੰਧਰ, 7 ਅਪ੍ਰੈਲ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਨੇ ਨਗਰ ਨਿਗਮ ਦੇ ਸਹਿਯੋਗ ਨਾਲ ਨਿਊ ਸੰਤ ਨਗਰ ਬਸਤੀ ਸ਼ੇਖ 'ਚ ਨਸ਼ਾ ਤਸਕਰੀ ਨਾਲ ਜੁੜੇ ਇਕ ਵਿਅਕਤੀ ਦੀ ਗ਼ੈਰ ਕਾਨੂੰਨੀ ਇਮਾਰਤ ਨੂੰ ਢਾਹ ਦਿੱਤਾ ਹੈ | ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਨੇ ਜਾਣਕਾਰੀ ਦਿੱਤੀ ਕਿ ਏ. ਡੀ. ਸੀ. ਪੀ. (ਸਿਟੀ-2) ਰਾਕੇਸ਼ ਯਾਦਵ ਅਤੇ ਏ. ਸੀ. ਪੀ. (ਪੱਛਮੀ) ਆਤਿਸ਼ ਭਾਟੀਆ, ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਾਰਵਾਈ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਢਾਹੀ ਗਈ ਗ਼ੈਰ-ਕਾਨੂੰਨੀ ਇਮਾਰਤ ਦੀਪਕ ਉਰਫ਼ ਸ਼ੁਭਮ ਪੁੱਤਰ ਰਾਕੇਸ਼ ਕੁਮਾਰ ਨਾਲ ਸੰਬੰਧਿਤ ਹੈ, ਜਿਸ ਖ਼ਿਲਾਫ਼ ਐੱਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮੇ ਦਰਜ ਹਨ | ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ |