ਅੱਪਰਾ, 7 ਅਪ੍ਰੈਲ (ਦਲਵਿੰਦਰ ਸਿੰਘ ਅੱਪਰਾ)-ਪਾਵਰਕਾਮ ਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਵਿੱਢੇ ਸੰਘਰਸ਼ ਤਹਿਤ ਸੂਬੇ 'ਚ ਪੰਜਾਬ ਸਰਕਾਰ ਦੀ ਅਰਥੀ ਨੂੰ ਲਾਂਬੂ ਲਾ ਕੇ ਮੁਜ਼ਾਹਰਾ ਕੀਤਾ ਗਿਆ | ਇਸੇ ਲੜੀ ਤਹਿਤ ਹੀ ਸਬ ਸਟੇਸ਼ਨ ਅੱਪਰਾ ਵਿਖੇ ਮੁਲਾਜ਼ਮਾਂ ਵਲੋਂ ਵੀ ਪੰਜਾਬ ਸਰਕਾਰ ਅਰਥੀ ਫੂਕੀ ਗਈ | ਮੁਜ਼ਾਹਰਾਕਾਰੀਆਂ ਨੇ ਵੇਰਵੇ ਦਿੰਦੇ ਹੋਏ ਦੱਸਿਆ ਕਿ ਠੇਕਾ ਮੁਲਾਜ਼ਮ ਦੀਆਂ ਹੱਕੀ ਮੰਗਾਂ ਸੰਬੰਧੀ ਗੱਲਬਾਤ ਕਰਨ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਨਾਲ ਵਿੱਤ ਮੰਤਰੀ ਵਲੋਂ ਮੀਟਿੰਗ ਕੀਤੀ ਜਾਣੀ ਸੀ, ਪਰ ਸਰਕਾਰ ਵਲੋਂ ਅਕਾਰਣ ਹੀ ਇਹ ਮੀਟਿੰਗ ਮੁਲਤਵੀ ਕਰ ਦਿੱਤੀ ਗਈ | ਜਿਸ ਕਾਰਨ ਰੋਸ ਵਜੋਂ ਪਾਵਰਕਾਮ ਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸਮੂਹ ਸੀ. ਐਚ. ਬੀ. ਕਾਮਿਆਂ ਵਲੋਂ ਅੱਜ ਅਰਥੀ ਫੂਕ ਮੁਜ਼ਾਹਰਾ ਕੀਤਾ | 8 ਅਪ੍ਰੈਲ ਮੁਕੰਮਲ ਹੜਤਾਲ ਕੀਤੀ ਜਾਵੇਗੀ ਤੇ ਲੁਧਿਆਣਾ ਵਿਖੇ ਬਿਜਲੀ ਮੰਤਰੀ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |