ਮਲਸੀਆਂ, 13 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)-ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ ਵਿਖੇ ਵਿਸਾਖੀ ਦਾ ਪਵਿੱਤਰ ਤਿਉਹਾਰ ਤੇ ਖ਼ਾਲਸਾ ਸਾਜਨਾ ਦਿਵਸ ਸ਼ਰਧਾ ਨਾਲ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਤੇ ਪਿ੍ੰਸੀਪਲ ਰਜਨੀ ਬਾਲਾ ਦੀ ਅਗਵਾਈ ਹੇਠ ਮਨਾਇਆ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਬੱਚਿਆਂ ਨੇ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਪੇਸ਼ ਕਰਦਿਆਂ ਗਿੱਧਾ, ਭੰਗੜਾ ਤੇ ਜੋਸ਼ ਭਰੀਆਂ ਕਵਿਤਾਵਾਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ | ਖ਼ਾਲਸਾ ਸਾਜਨਾ ਦਿਵਸ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਵਿਦਿਆਰਥੀਆਂ ਨੇ ਕਵੀਸ਼ਰੀ ਪੇਸ਼ ਕੀਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਉਨ੍ਹਾਂ ਦੀ ਸ਼ੂਰਵੀਰਤਾ ਤੇ ਉੱਚੇ ਆਦਰਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਪਿ੍ੰਸੀਪਲ ਰਜਨੀ ਬਾਲਾ ਨੇ ਵਿਸਾਖੀ ਦੀਆਂ ਮੁਬਾਰਕਾਂ ਦਿੰਦਿਆਂ ਇਸ ਦਿਨ ਦੀ ਇਤਿਹਾਸਕ ਮਹੱਤਤਾ ਬਾਰੇ ਚਾਨਣਾ ਪਾਇਆ | ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਵਾਨੀ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਆਪਣੇ ਪੰਜਾਬੀ ਵਿਰਸੇ ਤੇ ਸੱਭਿਆਚਾਰ ਨੂੰ ਸੰਭਾਲਣਾ ਚਾਹੀਦਾ ਹੈ | ਸਮਾਗਮ ਦੀ ਸਫ਼ਲਤਾ 'ਚ ਜਸਮੀਤ ਕੌਰ, ਸੰਦੀਪ ਕੌਰ, ਕੋਆਰਡੀਨੇਟਰ ਪੰਕਜਜੀਤ ਕੌਰ, ਰੂਬੀ, ਰਜਨੀ ਬਾਲਾ, ਕੰਵਲ ਰੰਧਾਵਾ ਵਲੋਂ ਯੋਗਦਾਨ ਪਾਇਆ |