ਜਲੰਧਰ, 15 ਅਪ੍ਰੈਲ (ਸ਼ਿਵ)-ਕਈ ਸਾਲ ਬਾਅਦ ਬਰਲਟਨ ਪਾਰਕ 'ਚ ਦੁਬਾਰਾ ਹੋਏ ਅਤੇ 78 ਕਰੋੜ ਦੀ ਲਾਗਤ ਵਾਲੇ ਸਪੋਰਟਸ ਹੱਬ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ ਹੈ ਤੇ ਇਸ ਸਾਲ ਹੀ ਪੂਰਾ ਕਰਨ ਦੀ ਟੀਚਾ ਦਿੱਤਾ ਗਿਆ ਹੈ | ਇਸ ਸਪੋਰਟਸ ਹੱਬ 'ਚ ਕਈ ਖੇਡਾਂ ਲਈ ਸਟੇਡੀਅਮ ਅਤੇ ਇਨਡੋਰ ਸਟੇਡੀਅਮ ਬਣਾਏ ਜਾ ਰਹੇ ਹਨ | ਸਪੋਰਟਸ ਹੱਬ ਦੀ ਉਸਾਰੀ ਦੇ ਨਾਲ-ਨਾਲ ਹੀ ਨਿਗਮ ਪ੍ਰਸ਼ਾਸਨ ਵਲੋਂ ਕੁਝ ਪਾਰਕਾਂ ਦੇ ਪੈਦਲ ਚੱਲਣ ਵਾਲੇ ਪੁਰਾਣੇ ਟਰੈਕ ਨੂੰ ਬਦਲ ਕੇ ਨਵਾਂ ਟਰੈਕ ਬਦਲਣ ਦਾ ਕੰਮ ਕੀਤਾ ਜਾ ਰਿਹਾ ਹੈ | ਅਜੇ ਇਕ ਨੰਬਰ ਪਾਰਕ ਦਾ ਟਰੈਕ ਬਦਲਣ ਦਾ ਕੰਮ ਚੱਲ ਰਿਹਾ ਹੈ ਜਦਕਿ ਬਾਕੀ ਪਾਰਕਾਂ ਦੇ ਟਰੈਕ ਬਦਲਣ ਬਾਰੇ ਸੁਸਾਇਟੀਆਂ ਨੂੰ ਪੇਸ਼ਕਸ਼ ਕੀਤੀ ਗਈ ਸੀ ਪਰ ਦੱਸਿਆ ਜਾਂਦਾ ਹੈ ਕਿ ਦੂਜੇ ਪਾਰਕਾਂ ਦੇ ਟਰੈਕ ਦੀ ਹਾਲਤ ਅਜੇ ਬਿਹਤਰ ਹੈ ਜਿਸ ਕਰਕੇ ਸਿਰਫ਼ ਪਾਰਕ ਨੰਬਰ ਇਕ ਦੇ ਟਰੈਕ ਨੂੰ ਬਦਲਣ ਦਾ ਕੰਮ ਚੱਲ ਰਿਹਾ ਹੈ | ਸਪੋਰਟਸ ਹੱਬ ਦੀ ਉਸਾਰੀ ਦਾ ਜਿਹੜਾ ਕੰਮ ਚੱਲ ਰਿਹਾ ਹੈ, ਉਸ ਵਿਚ ਹੰਸਰਾਜ ਕਾਲਜ ਦੇ ਪਿਛਲੇ ਪਾਸੇ ਰੋਡ ਵੱਲ ਬਰਲਟਨ ਪਾਰਕ ਦੇ ਪਿਛਲੇ ਪਾਸੇ ਸੀ ਸ਼ਕਲ ਵਿਚ ਦੁਕਾਨਾਂ ਦੀ ਇਕ ਮਾਰਕੀਟ ਬਣਾਈ ਜਾ ਰਹੀ ਹੈ | ਦੱਸਿਆ ਜਾਂਦਾ ਹੈ ਕਿ ਇਨ੍ਹਾਂ ਦੁਕਾਨਾਂ ਨੂੰ ਨਿਗਮ ਵਲੋਂ ਵੇਚ ਕੇ ਆਮਦਨ ਕਮਾਈ ਜਾ ਸਕਦੀ ਹੈ | ਇਸ ਤੋਂ ਇਲਾਵਾ ਬਰਲਟਨ ਪਾਰਕ ਵਿਚ ਇਕ ਕ੍ਰਿਕੇਟ ਸਟੇਡੀਅਮ ਵੀ ਇਕ ਪਾਸੇ ਬਣਾਇਆ ਜਾ ਰਿਹਾ ਹੈ ਜਦਕਿ ਕਬੀਰ ਨਗਰ ਵਾਲੇ ਪਾਸੇ ਇਕ ਇਨਡੋਰ ਸਟੇਡੀਅਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ | ਇਸ ਦੇ ਨਾਲ ਜਿਹੜੀ ਹਾਕੀ ਸਟੇਡੀਅਮ ਬਣਾਇਆ ਜਾ ਰਿਹਾ ਹੈ, ਉਸ ਦੇ ਨਾਲ ਹੀ 7-8 ਕਮਰਿਆਂ ਦਾ ਨਿਗਮ ਦਾ ਇਕ ਪ੍ਰਸ਼ਾਸਨਿਕ ਦਫਤਰ ਬਣਾਇਆ ਜਾ ਰਿਹਾ ਹੈ | ਡੇਵੀਅਟ ਦੇ ਸਾਹਮਣੇ ਬਰਲਟਨ ਪਾਰਕ ਵਿਚ ਜੂਡੋ ਅਤੇ ਇਕ ਯੋਗਾ ਸੈਂਟਰ ਵੀ ਬਣਾਇਆ ਜਾ ਰਿਹਾ ਹੈ | ਬਰਲਟਨ ਪਾਰਕ ਵਿਚ ਕੰਪਨੀ ਵਲੋਂ ਜਿਸ ਤੇਜ਼ੀ ਨਾਲ ਸਪੋਰਟਸ ਹੱਬ ਦੀ ਉਸਾਰੀ ਦਾ ਕੰਮ ਕੀਤਾ ਜਾ ਰਿਹਾ ਹੈ | ਉਸ ਨਾਲ ਇਸ ਸਾਲ ਵਿਚ ਇਸ ਦੇ ਪੂਰਾ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਪਿਛਲੇ ਸਾਲ ਜੂਨ ਮਹੀਨੇ ਵਿਚ ਸਪੋਰਟਸ ਹੱਬ ਦੇ ਨਿਰਮਾਣ ਦੇ ਕੰਮ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤਾ ਗਿਆ ਸੀ | ਚੇਤੇ ਰਹੇ ਕਿ ਸਪੋਰਟਸ ਹੱਬ ਦਾ ਕੰਮ ਕਈ ਸਾਲ ਤੱਕ ਬੰਦ ਰਿਹਾ ਸੀ ਤਾਂ ਮੇਅਰ ਵਨੀਤ ਧੀਰ ਤੇ ਹੋਰ ਆਗੂਆਂ ਵਲੋਂ ਪੰਜਾਬ ਸਰਕਾਰ ਕੋਲ ਇਹ ਮਸਲਾ ਉਠਾ ਕੇ ਇਸ ਨੂੰ ਦੁਬਾਰਾ ਸ਼ੁਰੂ ਕਰਵਾਇਆ ਗਿਆ ਸੀ | ਚਾਹੇ ਸਪੋਰਟਸ ਹੱਬ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਪਰ ਡੀ. ਏ. ਵੀ. ਕਾਲਜ ਪੁਲ ਦੇ ਕੋਲੋਂ ਬਰਲਟਨ ਪਾਰਕ ਨੂੰ ਮੁੜਨ ਵੇਲੇ ਖੱਬੇ ਪਾਸੇ ਅਜੇ ਵੀ ਕੂੜੇ ਦੇ ਢੇਰ ਲਗਾਏ ਜਾਂਦੇ ਹਨ | ਚਾਹੇ ਇਨ੍ਹਾਂ ਢੇਰਾਂ ਨੂੰ ਖ਼ਤਮ ਕਰਨ ਲਈ ਬਰਲਟਨ ਪਾਰਕ ਦੇ ਕੋਲ ਹੀ ਨਿਗਮ ਵਲੋਂ ਇਕ ਟਿੱਪਰ ਖੜ੍ਹਾ ਕੀਤਾ ਗਿਆ ਹੈ ਜਿਹੜਾ ਕਿ ਆਲ਼ੇ ਦੁਆਲੇ ਦੇ ਆਉਂਦੇ ਕੂੜੇ ਨੂੰ ਚੁੱਕ ਕੇ ਵਰਿਆਣਾ ਲੈ ਜਾਂਦਾ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਇਸ ਜਗਾ 'ਤੇ ਕੂੜਾ ਲਿਆਉਣ ਦਾ ਕੰਮ ਬਿਲਕੁਲ ਬੰਦ ਕਰਨਾ ਚਾਹੀਦਾ ਹੈ |