ਜਲੰਧਰ, 16 ਅਪ੍ਰੈਲ (ਐੱਮ. ਐੱਸ. ਲੋਹੀਆ)-ਪੰਜਾਬ 'ਚ ਪਹਿਲੀ ਵਾਰ ਬੱਚਿਆਂ ਦੀਆਂ ਸਾਹ ਨਾਲ ਸੰਬੰਧਤ ਬਿਮਾਰੀਆਂ 'ਤੇ ਵਿਚਾਰ-ਚਰਚਾ ਕਰਨ ਲਈ ਇਕ ਕਾਨਫਰੰਸ, ਨੈਸ਼ਨਲ ਰੈਸਪੀਰੇਟਰੀ ਚੈਪਟਰ ਤੇ ਜਲੰਧਰ ਅਕੈਡਮੀ ਆਫ ਪੀਡੀਐਟਰਿਕਸ ਦੇ ਸਾਂਝੇ ਉੱਦਮ ਨਾਲ 19 ਅਪ੍ਰੈਲ ਨੂੰ ਹੋਟਲ ਰੀਜੈਂਟ ਪਾਰਕ ਵਿਖੇ ਕਰਵਾਈ ਜਾਵੇਗੀ | ਪੋਸਟ ਗ੍ਰੈਜੂਏਟ ਕੁਇਜ਼ ਮੁਕਾਬਲੇ ਨਾਲ ਸ਼ੁਰੂ ਹੋਣ ਵਾਲੀ ਕਾਨਫਰੰਸ 'ਚ ਪੂਨਾ, ਬੈਂਗਲੁਰੂ, ਦਿੱਲੀ ਅਤੇ ਪੀ. ਜੀ. ਆਈ. ਚੰਡੀਗੜ੍ਹ ਦੇ ਮਾਹਿਰ ਡਾਕਟਰ ਆਏ ਹੋਏ ਕਰੀਬ 200 ਡੈਲੀਗੇਟਾਂ ਨਾਲ ਵਿਚਾਰ-ਵਟਾਂਦਰਾ ਕਰਨਗੇ | ਨੈਸ਼ਨਲ ਰੈਸਪੀਰੇਟਰੀ ਚੈਪਟਰ ਪੰਜਾਬ ਦੇ ਪ੍ਰਧਾਨ ਡਾ. ਤਰਲੋਚਨ ਸਿੰਘ ਰੰਧਾਵਾ ਨੇ ਜਾਣਕਾਰੀ ਦਿੱਤੀ ਕਿ ਇਸ ਕਾਨਫਰੰਸ 'ਚ ਦਮਾ, ਟੀ. ਬੀ., ਨੀਂਦ ਦੀ ਬਿਮਾਰੀ, ਕਾਲੀ ਖੰਘ, ਹਿਫ਼ਾਜ਼ਤੀ ਟੀਕੇ, ਅਲਰਜੀ ਆਦਿ ਵਿਸ਼ਿਆਂ ਤੋਂ ਇਲਾਵਾ ਪੀ. ਜੀ. ਵਿਦਿਆਰਥੀਆਂ ਦੁਆਰਾ ਖੋਜ ਕਾਰਜਾਂ ਦਾ ਪੋਸਟਰ ਮੁਕਾਬਲਾ ਕਰਵਾਇਆ ਜਾਵੇਗਾ | ਪਹਿਲੇ ਸਥਾਨ 'ਤੇ ਰਹਿਣ ਵਾਲੇ ਤਿੰਨ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ |