ਜਲੰਧਰ, 16 ਅਪ੍ਰੈਲ (ਸ਼ਿਵ)-ਵਾਰਡ ਨੰ. 35 ਅੰਦਰ ਪੈਂਦੇ ਗੁਰੂ ਬਹਾਦਰ ਚੌਕ ਤੋਂ ਟੀ-ਪੁਆਇੰਟ ਤੱਕ ਦੀ ਬਣ ਰਹੀ ਨਵੀਂ ਸੜਕ ਦਾ ਨਿਰਮਾਣ ਕਾਰਜ ਕੀੜੀ ਦੀ ਚਾਲ ਚੱਲਣ ਕਾਰਨ ਉਥੋਂ ਦੇ ਵਸਨੀਕਾਂ ਨੂੰ ਬਹੁਤ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਕ ਮੌਕੇ ਕੌਂਸਲਰ ਹਰਸ਼ਰਨ ਕੌਰ ਹੈਪੀ ਤੇ ਉਨ੍ਹਾਂ ਦੇ ਪਤੀ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਨੇ ਦੱਸਿਆ ਕਿ ਸੜਕ ਬਣਾਉਣ ਦਾ ਕੰਮ ਠੇਕੇਦਾਰ ਰਜੀਵ ਅਗਰਵਾਲ ਦੇ ਕੋਲ ਹੈ ਤੇ ਉਨ੍ਹਾਂ ਵਲੋਂ ਵਰਤੀ ਜਾ ਰਹੀ ਢਿੱਲ ਕਾਰਨ ਇਸ ਕੰਮ ਦੇ ਮੁਕੰਮਲ ਹੋਣ 'ਚ ਦੇਰੀ ਹੋ ਰਹੀ ਹੈ | ਹੈਪੀ ਨੇ ਕਿਹਾ ਕਿ ਉਨ੍ਹਾਂ ਇਸ ਸੰਬੰਧੀ ਉੱਚ ਅਧਿਕਾਰੀਆਂ ਐਸ. ਡੀ. ਓ. ਤੇ ਅਕਸੀਅਨ ਨਾਲ ਵੀ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਕੰਮ ਠੇਕੇਦਾਰ ਕੋਲ ਹੈ ਤੇ ਉਸ ਨੂੰ ਜਲਦ ਮੁਕੰਮਲ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਟੁੱਟੀ ਸੜਕ 'ਤੇ ਪਈ ਮਿੱਟੀ ਉਡ ਕੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਜਾ ਰਹੀ ਹੈ ਤੇ ਲੋਕਾਂ ਦੇ ਘਰਾਂ ਦੇ ਬਾਹਰ ਪਏ ਸਾਮਾਨ ਖਰਾਬ ਹੋ ਰਹੇ ਹਨ | ਹੈਪੀ ਨੇ ਕਿਹਾ ਕਿ ਉਨ੍ਹਾਂ ਮੇਅਰ ਵਨੀਤ ਧੀਰ ਨਾਲ ਵੀ ਇਸ ਸੰਬੰਧੀ ਗੱਲ ਕੀਤੀ ਤਾਂ ਉਨਾਂ ਭਰੋਸਾ ਦਿੱਤਾ ਹੈ ਕਿ ਉਹ ਆਪ ਨਿੱਜੀ ਦਖ਼ਲ ਦੇ ਕੇ ਇਸ ਸੜਕ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਵਾਉਣਗੇ |