ਜਲੰਧਰ, 18 ਅਪ੍ਰੈਲ (ਸ਼ਿਵ)-ਬੀਤੇ ਦਿਨੀਂ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀਆਂ ਟੀਮਾਂ ਵਲੋਂ ਜੀ. ਟੀ. ਬੀ. ਨਗਰ ਸਥਿਤ ਇਕ ਕੋਠੀ ਤੇ ਜੋਤੀ ਚੌਕ ਦੇ ਕੋਲ ਇਕ ਵਪਾਰਕ ਇਮਾਰਤ 'ਤੇ ਛਾਪੇਮਾਰੀ ਕੀਤੀ ਗਈ ਸੀ, ਉਸ ਦੀ ਕਾਰਵਾਈ ਈ. ਡੀ. ਟੀਮਾਂ ਵਲੋਂ ਅੱਜ ਖ਼ਤਮ ਕੀਤੀ ਗਈ | ਈ. ਡੀ. ਵਲੋਂ ਬੀਤੇ ਦਿਨੀਂ ਇਕ ਕੈਬਨਿਟ ਮੰਤਰੀ ਦੇ ਲੁਧਿਆਣਾ ਸਥਿਤ ਜਦੋਂ ਛਾਪੇਮਾਰੀ ਕੀਤੀ ਗਈ ਸੀ ਤਾਂ ਉਸ ਸਮੇਂ ਦੌਰਾਨ ਜਲੰਧਰ 'ਚ ਵੀ ਇਕ ਕਾਰੋਬਾਰੀ ਦੀ ਰਿਹਾਇਸ਼ 'ਤੇ ਇਕ ਦਫਤਰ ਦੇ ਕੋਲ ਛਾਪੇਮਾਰੀ ਕੀਤੀ ਗਈ ਸੀ | ਟੀਮਾਂ ਵਲੋਂ ਦਸਤਾਵੇਜ਼ਾਂ ਦੀ ਜਾਂਚ ਦਾ ਕੰਮ ਕਾਫੀ ਸਮੇਂ ਤੱਕ ਚੱਲਦਾ ਰਿਹਾ ਤਾਂ ਉਕਤ ਟੀਮਾਂ ਅੱਜ ਕਾਰਵਾਈ ਕਰਕੇ ਵਾਪਸ ਚਲੀਆਂ ਗਈਆਂ | ਬੀਤੇ ਦਿਨੀਂ ਈ. ਡੀ. ਦੀਆਂ ਟੀਮਾਂ ਵਿਚ ਚੰਡੀਗੜ੍ਹ ਤੇ ਜਲੰਧਰ ਦੇ ਅਫ਼ਸਰ ਸ਼ਾਮਿਲ ਸਨ | ਦੋ ਗੱਡੀਆਂ ਵਿਚ ਆਈ ਈ. ਡੀ. ਦੀ ਟੀਮ ਦੀ ਛਾਪੇਮਾਰੀ ਦੀ ਕਾਰਵਾਈ ਨਾਲ ਕਾਰੋਬਾਰੀ ਹਲਕਿਆਂ ਵਿਚ ਹੜਕੰਪ ਮੱਚ ਗਿਆ ਸੀ | ਈ. ਡੀ. ਦੀਆਂ ਟੀਮਾਂ ਦੇ ਨਾਲ ਅਰਧ ਸੈਨਿਕ ਬਲ ਦੇ ਜਵਾਨ ਵੀ ਮੌਜੂਦ ਸਨ |