ਜਲੰਧਰ, 19 ਅਪ੍ਰੈਲ (ਡਾ.ਜਤਿੰਦਰ ਸਾਬੀ)-ਫੁਲਕਾਰੀ ਵੂਮੈਨ ਆਫ ਜਲੰਧਰ, ਜੋ ਕਿ ਸ਼ਹਿਰ ਦੀ ਇਕ ਪ੍ਰਮੁੱਖ ਮਹਿਲਾ ਸੰਸਥਾ ਹੈ, ਵਲੋਂ 'ਟੀਲਾਥਾਨ' ਨਾਮਕ ਮੈਰਾਥਨ ਦੌੜ ਦਾ ਸਫਲ ਆਯੋਜਨ ਕੀਤਾ | ਇਸ ਮੁਹਿੰਮ ਦਾ ਮੁੱਖ ਉਦੇਸ਼ ਸਰਵਾਈਕਲ ਕੈਂਸਰ ਦੀ ਜਲਦੀ ਪਛਾਣ, ਰੋਕਥਾਮ ਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਸੀ | ਸਾਲ 2026-27 ਲਈ ਫੁਲਕਾਰੀ ਦੀ ਮੁੱਖ ਕਮੇਟੀ, ਜਿਸ ਦੀ ਅਗਵਾਈ ਪ੍ਰਧਾਨ ਸ੍ਰੀਮਤੀ ਮੋਨਲ ਕਲਸੀ ਕਰ ਰਹੀ ਹੈ ਤੇ ਇਸ ਵਿਚ ਉਪ-ਪ੍ਰਧਾਨ ਡਾ. ਰਿੰਕੂ ਅਗਰਵਾਲ, ਸਕੱਤਰ ਸ੍ਰੀਮਤੀ ਮਨਿੰਦਰ ਭੈਜ਼ਾਦਾ ਅਤੇ ਸ੍ਰੀਮਤੀ ਕਾਵੇਰੀ ਕਲਸੀ, ਖਜਾਨਚੀ ਸ੍ਰੀਮਤੀ ਮਿਨੀ ਚੁੱਘ ਅਤੇ ਸ੍ਰੀਮਤੀ ਦੀਪਾਲੀ ਗੁਪਤਾ ਤੇ ਸੋਸ਼ਲ ਮੀਡੀਆ ਹੈੱਡ ਸ੍ਰੀਮਤੀ ਸੀਮਾ ਸੋਂਧੀ ਅਤੇ ਸ੍ਰੀਮਤੀ ਉਪਮਾ ਜੈਨ ਸ਼ਾਮਿਲ ਹਨ | ਇਸ ਦੇ ਨਾਲ ਹੀ 'ਕੋਨਕਰ ਕੈਂਸਰ' ਹੈਡ 2026-27 ਸ੍ਰੀਮਤੀ ਰੁਬੀਨਾ ਖੰਨਾ ਦੀ ਮਹੱਤਵਪੂਰਨ ਭੂਮਿਕਾ ਰਹੀ ਤੇ ਇਨ੍ਹਾਂ ਦੇ ਸਹਿਯੋਗ ਨਾਲ ਇਹ ਜਾਗੂਰਕ ਦੌੜ 'ਚ ਸ਼ਹਿਰ ਵਾਸੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ | ਟੀਲਾਥਾਨ ਵਿਚ 1,500 ਤੋਂ ਵੱਧ ਸ਼ਹਿਰ ਵਾਸੀਆਂ ਨੇ ਭਾਗ ਲਿਆ, ਜਿਨ੍ਹਾਂ ਵਿਚ ਬਹੁਤ ਸਾਰੇ ਸਕੂਲੀ ਬੱਚੇ ਵੀ ਸ਼ਾਮਿਲ ਸਨ | ਭਾਗੀਦਾਰਾਂ ਨੇ 1 ਕਿੱਲੋਮੀਟਰ, 3 ਕਿੱਲੋਮੀਟਰ ਤੇ 5 ਕਿੱਲੋਮੀਟਰ ਦੀ ਦੌੜ ਵਿਚ ਹਿੱਸਾ ਲਿਆ | ਸ਼ਹਿਰ ਦੇ ਵੱਖ-ਵੱਖ ਰਨਿੰਗ ਤੇ ਬਾਇਕਿੰਗ ਗਰੁੱਪਾਂ ਨੇ ਵੀ ਇਸ ਵਿਚ ਭਾਗ ਲਿਆ ਅਤੇ ਸਰਵਾਈਕਲ ਕੈਂਸਰ ਨਾਲ ਪ੍ਰਭਾਵਿਤ ਲੋਕਾਂ ਨਾਲ ਆਪਣੀ ਏਕਤਾ ਜਤਾਈ, ਨਾਲ ਹੀ ਨਿਯਮਿਤ ਜਾਂਚ ਤੇ ਰੋਕਥਾਮ ਦੀ ਮਹੱਤਤਾ ਉਜਾਗਰ ਕੀਤੀ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਰਣਦੀਪ ਬੱਤਾ ਸ਼ਾਮਿਲ ਹੋਏ, ਜਿਨ੍ਹਾਂ ਨੂੰ 'ਦ ਬਲੱਡ ਮਸ਼ੀਨ ਆਫ ਇੰਡੀਆ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਤੇ ਜੋ ਭਾਰਤ ਦੇ ਹਰ ਰਾਜ ਵਿਚ ਖੂਨ ਦਾਨ ਕਰਨ ਦੇ ਮਿਸ਼ਨ 'ਤੇ ਹਨ | ਸਭ ਤੋਂ ਵੱਧ ਵਿਦਿਆਰਥੀ ਭਾਗੀਦਾਰੀ ਲਈ ਕੁਲ ਟਰਾਫੀ ਡਿਪਸ ਕਰੋਲ ਬਾਗ ਨੇ ਜਿੱਤੀ | ਇਹ ਸਮਾਗਮ ਬਹੁਤ ਹੀ ਸਫਲ ਰਿਹਾ, ਜਿਸ ਨੇ ਇਕ ਮਹੱਤਵਪੂਰਨ ਸਿਹਤ ਮੁੱਦੇ ਵੱਲ ਲੋਕਾਂ ਦਾ ਧਿਆਨ ਖਿੱਚਿਆ ਅਤੇ ਮਹਿਲਾ ਸਿਹਤ ਲਈ ਸਮਾਜ ਵਿਚ ਸਹਿਯੋਗ ਅਤੇ ਜਾਗਰੂਕਤਾ ਨੂੰ ਮਜ਼ਬੂਤ ਕੀਤਾ | ਫੁਲਕਾਰੀ ਵਲੋਂ ਸਾਰੇ ਭਾਗੀਦਾਰਾਂ, ਸਪਾਂਸਰਾਂ, ਵਲੰਟੀਅਰਾਂ ਤੇ ਮੀਡੀਆ ਦਾ ਧੰਨਵਾਦ ਕੀਤਾ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਨਾਲ ਬਣਦਾ ਸਹਿਯੋਗ ਦੇਣ ਲਈ ਅਪੀਲ ਵੀ ਕੀਤੀ ਤੇ ਕਿਹਾ ਇਨ੍ਹਾਂ ਸਾਰਿਆਂ ਤੋਂ ਮਿਲੇ ਵਧੀਆ ਸਹਿਯੋਗ ਨਾਲ ਇਹ ਸਮਾਗਮ ਨੂੰ ਯਾਦਗਾਰ ਤੇ ਪ੍ਰਭਾਵਸ਼ਾਲੀ ਬਣਾ ਸਕਿਆ |