ਜਲੰਧਰ, 22 ਅਪ੍ਰੈਲ (ਐੱਮ. ਐੱਸ. ਲੋਹੀਆ)- ਮਾਰਕਸੀ ਫ਼ਲਸਫ਼ੇ ਨੂੰ ਲਾਗੂ ਕਰਨ, ਸਮਾਜਵਾਦੀ, ਚਿੰਤਕ ਅਤੇ ਮਜ਼ਦੂਰ ਜਮਾਤ ਦੇ ਰਾਜ ਦੇ ਸੰਸਥਾਪਕ ਵਲਾਦੀਮੀਰ ਇਲੀਚ ਲੈਨਿਨ ਦਾ ਜਨਮ ਦਿਨ (22 ਅਪ੍ਰੈਲ 1870) ਮਨਾਉਂਦੇ ਹੋਏ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਦਿਆਰਥੀਆਂ-ਨੌਜਵਾਨਾਂ ਨਾਲ ਵਿਚਾਰ-ਚਰਚਾ ਕਰਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਅਜੋਕੇ ਸਮੇਂ ਦੇ ਤਿੱਖੜੇ ਮੁੱਦਿਆਂ ਅਤੇ ਵਿਗਿਆਨਕ ਚੇਤਨਾ 'ਤੇ ਨਿਰੰਤਰ ਮੁਹਿੰਮ 'ਤੇ ਜੋਰ ਦਿੱਤਾ | ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ (ਡਾ.), ਇਤਿਹਾਸ ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਸ ਵਿਚਾਰ-ਚਰਚਾ 'ਚ ਨੌਜਵਾਨ ਪੀੜ੍ਹੀ ਨਾਲ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੇ ਕੌਮਾਂਤਰੀ ਹਾਲਾਤ ਅੰਦਰ ਜੰਗਬਾਜ਼, ਫ਼ਿਰਕੂ ਫਾਸ਼ੀ, ਨਸਲਘਾਤੀ ਧਾੜਵੀ, ਸੰਸਾਰ ਭਰ ਦੇ ਕੁਦਰਤੀ ਮਾਲ ਖ਼ਜ਼ਾਨਿਆਂ ਨੂੰ ਹੜੱਪਣ ਲਈ ਕਾਰਪੋਰੇਟ ਘਰਾਣਿਆਂ ਦੇ ਰਾਜਨੀਤਕ ਸੇਵਾਦਾਰ, ਸਥਾਪਤ ਕਾਇਦੇ ਕਾਨੂੰਨਾਂ ਦੀ ਮਿੱਟੀ ਪਲੀਤ ਕਰਕੇ ਰਾਜ ਭਾਗ ਦਾ ਸ਼ਿਕੰਜਾ ਕਸਣ ਲਈ ਜੰਗਾਂ ਦਾ ਸਹਾਰਾ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਦੌਰ ਅੰਦਰ ਲੈਨਿਨ ਦੀ ਵਿਧਾਰਧਾਰਾ, ਸਿੱਖਿਆਵਾਂ ਅਤੇ ਨੀਤੀਆਂ ਦੀ ਪ੍ਰਸੰਗਕਤਾ ਹੋਰ ਵੀ ਉਘੜਕੇ ਸਾਹਮਣੇ ਆ ਰਹੀ ਹੈ | ਬੁਲਾਰਿਆਂ ਨੇ ਕਿਹਾ ਕਿ ਫ਼ਲਸਤੀਨੀ ਲੋਕਾਂ ਦਾ ਨਸਲਘਾਤ, ਉਨ੍ਹਾਂ ਦੀ ਧਰਤੀ ਹੜੱਪਣ, ਇਰਾਨ, ਲਿਬਨਾਨ, ਵੈਨਜ਼ੂਏਲਾ ਆਦਿ ਮੁਲਕਾਂ ਉਪਰ ਹਮਲੇ, ਸਿੱਧੀ ਦਖ਼ਲ-ਅੰਦਾਜ਼ੀ, ਸਮੁੰਦਰਾਂ ਨੂੰ ਅੱਗ ਦੇ ਹਵਾਲੇ ਕਰਨ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਹਸਪਤਾਲਾਂ ਅਤੇ ਸ਼ਰਨਾਰਥੀ ਕੈਂਪਾਂ ਤੱਕ ਨੂੰ ਹਮਲੇ ਦਾ ਚੋਣਵਾਂ ਨਿਸ਼ਾਨਾ ਬਣਾਉਣਾ, ਇਨ੍ਹਾਂ ਜਟਿਲ ਕੌਮੀ ਅਤੇ ਕੌਮਾਂਤਰੀ ਹਾਲਤਾਂ 'ਚ ਅੱਜ ਲੈਨਿਨ ਦਾ ਜਨਮ ਦਿਹਾੜਾ ਮਜ਼ਦੂਰ ਜਮਾਤ ਦੇ ਫ਼ਲਸਫ਼ੇ ਅਤੇ ਲੋਕਾਂ ਦੇ ਵਿਸ਼ਾਲ ਮਜ਼ਬੂਤ ਕਿਲੇ ਦੀ ਮੰਗ ਕਰਦਾ ਹੈ |