19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਮੀਡੀਆ ਅਦਾਰਿਆਂ ਲਈ ਭਰੋਸੇਯੋਗਤਾ ਕਾਇਮ ਰੱਖਣਾ ਵੱਡੀ ਚੁਣੌਤੀ-ਗੁਰਜੋਤ ਕੌਰ <br/>

Ad Position 21
No active advertisement
ਆਕਾਸ਼ਵਾਣੀ ਦੇ ਪ੍ਰੋਗਰਾਮ ਯੁਵ ਵਾਣੀ ਦੌਰਾਨ ਮੁੱਖ ਮਹਿਮਾਨ ਸ੍ਰੀਮਤੀ ਗੁਰਜੋਤ ਕੌਰ ਦੇ ਨਾਲ ਪ੍ਰੋਗਰਾਮ ਦੀ ਨਿਰਮਾਤਾ ਪ੍ਰਤਿਸ਼ਠਾ ਜੈਨ, ਸੰਚਾਲਿਕਾ ਸ਼ੀਤਲ ਤੇ ਐਂਕਰ ਸ਼ਿਵਮ | ਅਜੀਤ ਤਸਵੀਰ <br/> 24-04-2026
ਜਲੰਧਰ, 23 ਅਪ੍ਰੈਲ (ਜਸਪਾਲ ਸਿੰਘ)-ਮੌਜੂਦਾ ਵਪਾਰਕ, ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਤੇ ਸੋਸ਼ਲ ਮੀਡੀਆ ਦੇ ਯੁੱਗ 'ਚ ਜਦੋਂ ਹਰੇਕ ਅਦਾਰੇ 'ਚ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਹੋੜ ਲੱਗੀ ਹੋਈ ਹੈ ਤੇ ਖਬਰਾਂ ਨੂੰ ਬਿਨਾਂ ਤੱਥਾਂ ਤੋਂ ਅਤੇ ਸਨਸਨੀਖੇਜ ਬਣਾ ਕੇ ਪੇਸ਼ ਕਰਕੇ ਲੋਕਾਂ ਅੰਦਰ ਭਰਮ ਭੁਲੇਖੇ ਪੈਦਾ ਕੀਤੇ ਜਾ ਰਹੇ ਹਨ ਤਾਂ ਅਜਿਹੇ 'ਚ ਮੀਡੀਆ ਅਦਾਰਿਆਂ ਤੇ ਖਾਸ ਕਰਕੇ ਸਥਾਪਿਤ ਅਦਾਰਿਆਂ ਲਈ ਆਪਣੀ ਭਰੋਸੇਯੋਗਤਾ ਕਾਇਮ ਰੱਖਣਾ ਇਕ ਵੱਡੀ ਚੁਣੌਤੀ ਬਣਿਆ ਹੋਇਆ ਹੈ ਪਰ ਅਦਾਰਾ 'ਅਜੀਤ' ਨੇ ਨਾ ਕੇਵਲ ਆਪਣੀ ਸਾਖ ਨੂੰ ਕਾਇਮ ਰੱਖਿਆ ਹੈ ਬਲਕਿ ਸਾਫ ਸੁਥਰੀ ਤੇ ਨਿਰਪੱਖ ਪੱਤਰਕਾਰੀ ਦੇ ਖੇਤਰ 'ਚ ਵੀ ਇਕ ਵੱਖਰਾ ਮੁਕਾਮ ਹਾਸਿਲ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਇਹ ਪ੍ਰਗਟਾਵਾ ਸ੍ਰੀਮਤੀ ਗੁਰਜੋਤ ਕੌਰ ਸੀਨੀਅਰ ਐਗਜ਼ੈਕਟਿਵ 'ਅਜੀਤ' ਪ੍ਰਕਾਸ਼ਨ ਸਮੂਹ ਨੇ ਆਲ ਇੰਡੀਆ ਰੇਡੀਓ (ਆਕਾਸ਼ਵਾਣੀ) ਦੇ ਪ੍ਰੋਗਰਾਮ ਯੁਵ ਵਾਣੀ 'ਚ 'ਪੰਜਾਬੀ ਪੱਤਰਕਾਰੀ ਦੀ ਸਥਿਤੀ, ਦਰਪੇਸ਼ ਚੁਣੌਤੀਆਂ ਤੇ ਸੰਭਾਵਨਾਵਾਂ' ਵਿਸ਼ੇ 'ਤੇ ਬੋਲਦਿਆਂ ਕੀਤਾ | ਉਨ੍ਹਾਂ ਨੇ ਕਿਹਾ ਕਿ ਪੱਤਰਕਾਰੀ ਉਨ੍ਹਾਂ ਨੂੰ ਵਿਰਾਸਤ 'ਚ ਮਿਲੀ ਹੈ ਤੇ ਉਨ੍ਹਾਂ ਦੇ ਸਤਿਕਾਰਯੋਗ ਦਾਦਾ ਡਾ. ਸਾਧੂ ਸਿੰਘ ਹਮਦਰਦ ਵਲੋਂ ਲਗਾਇਆ 'ਅਜੀਤ' ਦਾ ਬੂਟਾ ਅੱਜ ਵਿਸ਼ਾਲ ਦਰੱਖਤ ਬਣ ਚੁੱਕਾ ਹੈ ਤੇ ਉਨ੍ਹਾਂ ਦੇ ਪਿਤਾ ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ 'ਅਜੀਤ' ਪ੍ਰਕਾਸ਼ਨ ਸਮੂਹ ਦੀ ਅਗਵਾਈ ਹੇਠ ਇਹ ਅਦਾਰਾ ਪੱਤਰਕਾਰੀ ਦੀਆਂ ਕਦਰਾਂ ਕੀਮਤਾਂ 'ਤੇ ਪਹਿਰਾ ਦਿੰਦੇ ਹੋਏ ਨਿਰੰਤਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰਦਾ ਆ ਰਿਹਾ ਹੈ | ਅੱਜ ਉਨ੍ਹਾਂ ਨੂੰ ਵੀ ਅਦਾਰੇ ਨਾਲ ਜੁੜਿਆਂ ਦੋ ਦਹਾਕਿਆਂ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਾ ਹੈ ਤੇ ਇਸ ਦੌਰਾਨ ਉਨ੍ਹਾਂ ਨੇ ਮੀਡੀਆ ਦੇ ਖੇਤਰ 'ਚ ਆਈਆਂ ਬੇਸ਼ੁਮਾਰ ਤਬਦੀਲੀਆਂ ਨੂੰ ਆਪਣੇ ਅੱਖੀਂ ਦੇਖਿਆ ਹੈ | ਠੱਪਿਆਂ ਨਾਲ ਛਪਾਈ ਤੋਂ ਲੈ ਕੇ ਡਿਜ਼ੀਟਲ ਤਕਨੀਤ ਦੀ ਵਰਤੋਂ ਨਾਲ ਮੀਡੀਆ ਦੇ ਖੇਤਰ 'ਚ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਤੇ ਖਾਸ ਕਰਕੇ ਪਿ੍ੰਟ ਮੀਡੀਆ ਦੇ ਖੇਤਰ 'ਚ ਆਈਆਂ ਇਨ੍ਹਾਂ ਤਬਦੀਲੀਆਂ ਨਾਲ ਅਖਬਾਰਾਂ ਦਾ ਮੂੰਹ ਮੁਹਾਂਦਰਾ ਹੀ ਨਹੀਂ ਬਦਲਿਆ ਸਗੋਂ ਪੇਸ਼ਕਾਰੀ 'ਚ ਵੀ ਬਹੁਤ ਨਿਖਾਰ ਆਇਆ ਹੈ | ਪਿ੍ੰਟ ਮੀਡੀਆ ਤੋਂ ਸ਼ੁਰੂ ਹੋਇਆ ਇਹ ਸਫਰ ਇਲੈਕਟ੍ਰਾਨਿਕ ਮੀਡੀਆ ਤੋਂ ਹੁੰਦਾ ਹੋਇਆ ਪੂਰੀ ਤਰ੍ਹਾਂ ਨਾਲ ਡਿਜ਼ੀਟਲ ਹੋ ਚੁੱਕਾ ਹੈ ਤੇ ਅੱਜ ਦਾ ਨੌਜਵਾਨ ਏਨਾ ਤੇਜ਼ ਹੋ ਚੁੱਕਾ ਹੈ ਕਿ ਉਹ ਆਪਣੇ ਮੋਬਾਈਲ ਤੋਂ ਹੀ ਦੇਸ਼-ਦੁਨੀਆਂ ਦੀ ਜਾਣਕਾਰੀ ਸਕਿੰਟਾਂ 'ਚ ਹਾਸਿਲ ਕਰ ਲੈਂਦਾ ਹੈ | ਇਸ ਮੌਕੇ ਉਨ੍ਹਾਂ ਆਪਣੇ ਪੱਤਰਕਾਰੀ ਦੇ ਤਜ਼ਰਬੇ ਸਾਂਝੇ ਕਰਦੇ ਹੋਏ ਸਥਾਪਿਤ ਅਦਾਰਿਆਂ ਤੇ ਕੁੱਝ ਆਪ ਮੁਹਾਰੇ ਬਣੇ ਪੱਤਰਕਾਰਾਂ ਵਿਚਲੇ ਫਰਕ ਨੂੰ ਸਪੱਸ਼ਟ ਕਰਦਿਆਂ ਕਿਹਾ ਕਿ ਇਸ ਸੰਬੰਧੀ ਸਰਕਾਰਾਂ ਨੂੰ ਸਖਤ ਨੀਤੀ ਬਣਾ ਕੇ ਕੇਵਲ ਉਨ੍ਹਾਂ ਲੋਕਾਂ ਨੂੰ ਹੀ ਮਾਨਤਾ ਦੇਣੀ ਚਾਹੀਦੀ ਹੈ, ਜੋ ਪੱਤਰਕਾਰੀ ਦੇ ਮਾਪਦੰਡ ਪੂਰੇ ਕਰਦੇ ਹੋਣ | ਇਸ ਮੌਕੇ ਸ੍ਰੀਮਤੀ ਗੁਰਜੋਤ ਕੌਰ ਨੇ ਮੀਡੀਆ ਦੇ ਖੇਤਰ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਪ੍ਰਭਾਵ ਸੰਬੰਧੀ ਸਵਾਲ ਦਾ ਜਵਾਬ ਦਿੰਦੇ ਹੋਏ ਇਸ ਮਾਮਲੇ 'ਚ ਨੌਜਵਾਨਾਂ ਨੂੰ ਸੁਚੇਤ ਹੋ ਕੇ ਚੱਲਣ ਦੀ ਲੋੜ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਜਿਥੇ ਖੁਦ ਸਹੀ ਤੇ ਗਲਤ ਦੀ ਪਛਾਣ ਕਰਨੀ ਹੋਵੇਗੀ, ਉਥੇ ਉਨ੍ਹਾਂ ਨੂੰ ਏ. ਆਈ. ਤਕਨੀਕ ਦੀ ਸਹੀ ਦਿਸ਼ਾ 'ਚ ਵਰਤੋਂ ਕਰਕੇ ਇਸ ਦਾ ਲਾਹਾ ਵੀ ਲੈਣਾ ਚਾਹੀਦਾ ਹੈ | ਇਸ ਦੌਰਾਨ ਸ਼ੋਸ਼ਲ ਮੀਡੀਆ ਇੰਫਲੂਐਂਸਰਜ਼ ਤੇ ਹੋਰਨਾਂ ਪੇਸ਼ੇਵਾਰਾਨਾ ਪੇਸ਼ਕਾਰੀਆਂ ਦਾ ਪੱਤਰਕਾਰੀ ਨਾਲ ਕਿਸੇ ਵੀ ਤਰ੍ਹਾਂ ਦਾ ਸੰਬੰਧ ਹੋਣ ਤੋਂ ਇਨਕਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਡਿਜ਼ੀਟਲ ਮੀਡੀਆ ਦਾ ਇਕ ਹਿੱਸਾ ਤਾਂ ਹੋ ਸਕਦਾ ਹੈ ਪਰ ਇਹ ਸਮੁੱਚੇ ਤੌਰ 'ਤੇ ਪੱਤਰਕਾਰੀ ਨਹੀਂ ਹੋ ਸਕਦੀ, ਕਿਉਂਕਿ ਪੱਤਰਕਾਰੀ ਇਕ ਪੇਸ਼ਾ ਹੀ ਨਹੀਂ ਸਗੋਂ ਸਮਾਜ ਸੇਵਾ ਦਾ ਇਕ ਜ਼ਰੀਆ ਵੀ ਹੈ ਤੇ ਇਸ ਨਾਲ ਜੁੜ ਕੇ ਇਨਸਾਨ ਸਮਾਜਿਕ ਸਰੋਕਾਰਾਂ ਪ੍ਰਤੀ ਵੀ ਆਵਾਜ਼ ਉਠਾ ਸਕਦਾ ਹੈ | ਇਸ ਮੌਕੇ ਉਨ੍ਹਾਂ ਮੀਡੀਆ ਨੂੰ ਨੌਜਵਾਨਾਂ ਲਈ ਸੰਭਾਵਨਾਵਾਂ ਭਰਪੂਰ ਖੇਤਰ ਦੱਸਦੇ ਹੋਏ ਕਿਹਾ ਕਿ ਨੌਜਵਾਨ ਇਸ ਖੇਤਰ ਨਾਲ ਜੁੜ ਕੇ ਆਪਣਾ ਭਵਿੱਖ ਬਣਾ ਸਕਦੇ ਹਨ | ਉਨ੍ਹਾਂ ਕਿਹਾ ਕਿ ਬੇਸ਼ੱਕ ਹੁਣ ਪੱਤਰਕਾਰੀ ਦੇ ਖੇਤਰ 'ਚ ਹੁਨਰਮੰਦ ਨੌਜਵਾਨਾਂ ਦੀ ਵੀ ਲੋੜ ਪੈਣ ਲੱਗੀ ਹੈ ਪਰ ਪੱਤਰਕਾਰੀ ਤੇ ਜਨ ਸੰਚਾਰ ਦੇ ਖੇਤਰ 'ਚ ਹਾਸਿਲ ਕੀਤਾ ਗਿਆਨ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਹੀ ਨਹੀਂ ਨਿਖਾਰਦਾ ਬਲਕਿ ਉਨ੍ਹਾਂ ਦੇ ਹੁਨਰ ਨੂੰ ਵੀ ਚਮਕਾਉਣ 'ਚ ਅਹਿਮ ਰੋਲ ਅਦਾ ਕਰਦਾ ਹੈ | ਪ੍ਰੋਗਰਾਮ ਦਾ ਸੰਚਾਲਨ ਸ੍ਰੀਮਤੀ ਸ਼ੀਤਲ ਅਤੇ ਨੌਜਵਾਨ ਸ਼ਿਵਮ ਵਲੋਂ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਪ੍ਰਸ਼ਾਸਨ ਤੇ ਯੂਨੀਅਨ ਆਗੂਆਂ ਵਿਚਕਾਰ ਚਲਦੀ ਰਹੀ ਗੱਲਬਾਤ ਅਗਲੀ ਖ਼ਬਰ ਅੱਜ ਪੂਰੇ ਜ਼ਿਲ੍ਹੇ 'ਚ ਨਹੀਂ ਹੋਵੇਗੀ ਸਿਵਲ ਡਿਫੈਂਸ ਏਅਰ ਰੇਡ/ਬਲੈਕ ਆਊਟ ਮੌਕ ਐਕਸਰਸਾਈਜ਼
Ad Position 24