ਜਲੰਧਰ, 23 ਅਪ੍ਰੈਲ (ਸ਼ਿਵ)-ਨਗਰ ਨਿਗਮ ਵਿਚ ਚੱਲ ਰਹੇ ਮÏਜੂਦਾ ਘਟਨਾਕ੍ਰਮ ਨੂੰ ਲੈ ਕੇ ਮਾਮਲਾ ਕਾਫੀ ਗਰਮਾ ਗਿਆ ਹੈ | ਨਗਰ ਨਿਗਮ ਪ੍ਰਸ਼ਾਸਨ ਵਲੋਂ ਜਿਥੇ ਕਈ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ, ਉਥੇ ਨਗਰ ਨਿਗਮ ਪ੍ਰਸ਼ਾਸਨ ਤੇ ਯੂਨੀਅਨ ਆਗੂਆਂ ਦੇ ਵਿਚਕਾਰ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਪਰ ਅਜੇ ਇਹ ਬੇਨਤੀਜਾ ਸਾਬਤ ਰਹੀਆਂ ਹਨ | ਦੱਸਿਆ ਜਾਂਦਾ ਹੈ ਕਿ ਯੂਨੀਅਨ ਆਗੂਆਂ ਵਲੋਂ ਕੀਤੇ ਗਏ ਪ੍ਰਦਰਸ਼ਨ ਨੂੰ ਲੈ ਕੇ ਸਾਰਾ ਮਾਮਲਾ ਪੰਜਾਬ ਸਰਕਾਰ ਤੱਕ ਪੁੱਜ ਗਿਆ ਸੀ, ਜਿਸ ਤੋਂ ਬਾਅਦ ਹੀ ਨਗਰ ਨਿਗਮ ਦੇ ਕਈ ਵਿਭਾਗਾਂ ਵਿਚ ਵੱਡੇ ਪੱਧਰ 'ਤੇ ਬਦਲੀਆਂ ਹੋਈਆਂ ਹਨ | ਇਕ ਜਾਣਕਾਰੀ ਮੁਤਾਬਿਕ ਜਲੰਧਰ ਨਗਰ ਨਿਗਮ ਵਿਚ ਹੋਏ ਘਟਨਾ ਕ੍ਰਮ ਦਾ ਮਾਮਲਾ ਨਾ ਸਿਰਫ ਚੰਡੀਗੜ੍ਹ ਪਹੁੰਚ ਗਿਆ ਸੀ ਸਗੋਂ ਆਗੂਆਂ ਨੇ ਵੀ ਇਸ ਦਾ ਗੰਭੀਰ ਨੋਟਿਸ ਲਿਆ ਸੀ | ਇਸ ਮਾਮਲੇ 'ਚ ਬੀਤੇ ਦਿਨੀ ਆਮ ਆਦਮੀ ਪਾਰਟੀ ਦੀ ਆਗੂਆਂ ਵਲੋਂ ਜਿਹੜੀ ਮੀਟਿੰਗ ਬੁਲਾਈ ਗਈ ਸੀ ਉਸ ਵਿਚ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਜਿੱਠਣ ਦਾ ਫੈਸਲਾ ਕੀਤਾ ਗਿਆ ਸੀ | ਨਿਗਮ ਪ੍ਰਸ਼ਾਸਨ ਦਾ ਕਹਿਣਾ ਸੀ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ | ਨਗਰ ਨਿਗਮ ਪ੍ਰਸ਼ਾਸਨ ਯੂਨੀਅਨ ਦੀਆਂ ਹਰ ਜਾਇਜ਼ ਮੰਗਾਂ ਮੰਨਦਾ ਰਿਹਾ ਹੈ ਪਰ ਉਹ ਕਦੇ ਵੀ ਦੁਆ ਵਿਚ ਨਹੀਂ ਆਵੇਗਾ | ਦੱਸਿਆ ਜਾਂਦਾ ਹੈ ਕਿ ਇਸ ਮਾਮਲੇ ਨੂੰ ਸੁਲਝਾਉਣ ਲਈ ਕਈ ਆਗੂ ਵੀ ਲਗਾਤਾਰ ਯਤਨ ਕਰ ਰਹੇ ਹਨ |