ਜਲੰਧਰ, 25 ਅਪ੍ਰੈਲ (ਸ਼ਿਵ)-ਇੰਜੀਨੀਅਰ ਐਂਡ ਬਿਲਡਿੰਗ ਡਿਜ਼ਾਈਨਰ ਐਸੋਸੀਏਸ਼ਨ ਦੇ ਇਕ ਵਫ਼ਦ ਨੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਬਿਲਡਿੰਗ ਦੇ ਨਿਯਮ-2025 ਵਿਚ ਰਾਹਤ ਦੇਣ ਲਈ ਸੋਧ ਕਰਵਾਉਣ ਦੀ ਮੰਗ ਕੀਤੀ ਹੈ | ਰਾਜਪਾਲ ਨੂੰ ਮਿਲਣ ਵਾਲਿਆਂ 'ਚ ਪ੍ਰਧਾਨ ਸੁਨੀਲ ਕਤਿਆਲ, ਇੰਜ. ਰਾਜਵਿੰਦਰ ਸਿੰਘ ਜਨਰਲ ਸਕੱਤਰ, ਇੰਜ. ਰਣਜੀਤ ਸਿੰਘ ਬੇਦੀ ਮੁੱਖ ਸਲਾਹਕਾਰ ਸ਼ਾਮਿਲ ਸਨ | ਉਨ੍ਹਾਂ ਨੇ ਸ੍ਰੀ ਕਟਾਰੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵਲੋਂ ਜਿਹੜੇ ਬਿਲਡਿੰਗ ਦੇ ਨਿਯਮ 2025 ਬਣਾਏ ਗਏ ਹਨ | ਉਨ੍ਹਾਂ ਨਾਲ ਇੰਜੀਨੀਅਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਗੋਂ ਇਸ ਨਾਲ ਲੋਕਾਂ ਨੂੰ ਵੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ | ਵਫ਼ਦ ਨੇ ਇਸ ਬਾਰੇ ਮੰਗ-ਪੱਤਰ ਵੀ ਸੌਂਪਦੇ ਹੋਏ ਦੱਸਿਆ ਕਿ ਇਨ੍ਹਾਂ ਕਾਨੂੰਨਾਂ 'ਚ ਇੰਜੀਨੀਅਰਾਂ ਕੋਲ ਨਕਸ਼ਾ ਪਾਸ ਕਰਨ ਦੇ ਪਹਿਲਾਂ 250 ਸਕੇਅਰ ਮੀਟਰ ਤੱਕ ਨਕਸ਼ਾ ਪਾਸ ਕਰਨ ਦੇ ਅਧਿਕਾਰ ਸੀ, ਉਨ੍ਹਾਂ ਦੀ ਹੱਦ ਘਟਾ ਕੇ 100 ਸਕੇਅਰ ਮੀਟਰ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ ਬੀ ਕਲਾਸ ਡਿਪਲੋਮਾ ਹੋਲਡਰ ਇੰਜੀਨੀਅਰਾਂ ਨੂੰ ਏ ਗਰੇਡ ਦਾ ਸਰਟੀਫਿਕੇਟ ਨਹੀਂ ਦਿੱਤਾ ਜਾ ਰਿਹਾ ਹੈ ਜਦਕਿ 90 ਫ਼ੀਸਦੀ ਨਕਸ਼ੇ ਪਾਸ ਕਰਵਾਉਣ ਦਾ ਕੰਮ ਉਹ ਕਰਵਾਉਂਦੇ ਹਨ | ਵਫ਼ਦ ਨੇ ਇਹ ਵੀ ਦੱਸਿਆ ਕਿ ਜੇਕਰ ਇਹ ਨਵੇਂ ਬਿਲਡਿੰਗ ਦੇ ਨਵੇਂ ਨਿਯਮ ਲਾਗੂ ਹੋ ਜਾਂਦੇ ਹਨ ਤਾਂ ਕਈ ਪਾਸ਼ ਇਲਾਕਿਆਂ 'ਚ ਚਾਰ-ਚਾਰ ਮੰਜ਼ਿਲਾਂ ਇਮਾਰਤਾਂ ਖੜ੍ਹੀਆਂ ਹੋ ਜਾਣਗੀਆਂ, ਜਿਨ੍ਹਾਂ ਨਾਲ ਟ੍ਰੈਫਿਕ 'ਚ ਵੱਡੀ ਸਮੱਸਿਆ ਆਵੇਗੀ | ਇਸ ਮੌਕੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵਫ਼ਦ ਨੂੰ ਇਸ ਬਾਰੇ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਤੇ ਮੌਕੇ 'ਤੇ ਉਨ੍ਹਾਂ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਨੂੰ ਇਸ ਮਾਮਲੇ ਬਾਰੇ ਵਿਚਾਰਾਂ ਕਰਕੇ ਹੱਲ ਕਰਵਾਉਣ ਦੀ ਹਦਾਇਤ ਦਿੱਤੀ ਤੇ ਵਫ਼ਦ ਨੂੰ ਇਸ ਮਾਮਲੇ 'ਤੇ ਦੁਬਾਰਾ ਮਿਲਣ ਲਈ ਵੀ ਕਿਹਾ |