ਲੋਹੀਆਂ ਖਾਸ, 25 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਦੇ ਪਿੰਡ ਕਾਕੜ ਕਲਾਂ 'ਚ ਉਸ ਵੇਲੇ ਮਾਤਮ ਛਾਅ ਗਿਆ, ਜਦੋਂ ਪਿੰਡ ਦੇ ਇਕ ਨੌਜਵਾਨ ਦੀ ਆਪਣੀ ਹੀ ਜੇ. ਸੀ. ਬੀ. ਮਸ਼ੀਨ ਦੇ ਹੇਠਾਂ ਆ ਕੇ ਮੌਤ ਹੋ ਜਾਣ ਦੀ ਦੁਖਦਾਈ ਖਬਰ ਪ੍ਰਾਪਤ ਹੋਈ | ਜਾਣਕਾਰੀ ਅਨੁਸਾਰ ਜਗਮੀਤ ਸਿੰਘ (35) ਪੁੱਤਰ ਰਵਿੰਦਰ ਸਿੰਘ ਨੰਬਰਦਾਰ ਨਿਵਾਸੀ ਕਾਕੜ ਕਲਾਂ ਜਦੋਂ ਬੀਤੀ ਰਾਤ ਤਕਰੀਬਨ 9 ਵਜੇ ਆਪਣੇ ਸਾਥੀ ਪਰਮਜੀਤ ਸਿੰਘ (55) ਨਾਲ ਪਿੰਡ ਮੁਰਾਜਵਾਲਾ ਤੋਂ ਜੇ. ਸੀ. ਬੀ. ਮਸ਼ੀਨ ਨੂੰ ਚਲਾ ਕੇ ਆਪਣੇ ਪਿੰਡ ਕਾਕੜ ਕਲਾਂ ਨੂੰ ਵਾਪਸ ਆ ਰਹੇ ਸਨ, ਤਾਂ ਜਿਉਂ ਹੀ ਉਹ ਕੰਗ ਖੁਰਦ ਤੋਂ ਕਾਕੜ ਕਲਾਂ ਦੀ ਲਿੰਕ ਰੋਡ 'ਤੇ ਪਹੁੰਚੇ ਤਾਂ ਮਾੜੀ ਸੜਕ ਅਤੇ ਘੱਟ ਪਟੜੀ (ਬਰਮ) ਹੋਣ ਕਰਕੇ ਜੇ. ਸੀ. ਬੀ. ਮਸ਼ੀਨ ਦਾ ਸੰਤੁਲਨ ਵਿਗੜ ਗਿਆ ਤੇ ਖੇਤਾਂ 'ਚ ਪਲਟ ਗਈ, ਜਿਸ ਦੇ ਫਲਸਰੂਪ ਜੇ. ਸੀ. ਬੀ. ਮਸ਼ੀਨ ਚਲਾ ਰਿਹਾ ਜਗਮੀਤ ਸਿੰਘ ਹੇਠਾਂ ਡਿੱਗ ਪਿਆ ਤੇ ਜੇ. ਸੀ. ਬੀ. ਮਸ਼ੀਨ ਉਸ ਦੇ ਉੱਪਰ ਜਾ ਡਿੱਗੀ | ਹਾਦਸੇ ਦੌਰਾਨ ਮਸ਼ੀਨ ਦਾ ਕੁੱਝ ਹਿੱਸਾ ੳਸ ਦੇ ਪੇਟ 'ਚ ਖੁਭ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਨਾਲ ਬੈਠਾ ਪਰਮਜੀਤ ਸਿੰਘ ਵਾਲ ਵਾਲ ਬਚ ਗਿਆ | ਜਾਣਕਾਰੀ ਅਨੁਸਾਰ ਮਿ੍ਤਕ ਨੌਜਵਾਨ ਜਗਮੀਤ ਸਿੰਘ ਦਾ ਵੱਡਾ ਭਰਾ ਅਮੋਲਕ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਹੈ, ਜਦਕਿ ਉਸ ਦੀ ਇਕ ਭੈਣ ਕੈਨੇਡਾ ਵਿਖੇ ਰਹਿੰਦੀ ਹੈ, ਜਿਸ ਦੇ ਕੈਨੇਡਾ ਤੋਂ ਪਰਤਣ ਤੋਂ ਬਾਅਦ ਹੀ ਅੰਤਿਮ ਸੰਸਕਾਰ ਕੀਤਾ ਜਾਵੇਗਾ | ਮਿ੍ਤਕ ਦੇ ਪਿਤਾ ਰਵਿੰਦਰ ਸਿੰਘ ਨੰਬਰਦਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ 'ਚ ਇੰਫ਼ੋਟੈੱਕ ਪੰਜਾਬ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਕਲਾਂ, ਸਾ. ਚੇਅਰਮੈਨ ਬਾਵਾ ਸਿੰਘ ਕੰਗ, ਨੰਬਰਦਾਰ ਜਸਮੇਲ ਸਿੰਘ ਕਾਕੜ ਕਲਾਂ, ਡਾ. ਜਸਵਿੰਦਰ ਪਾਲ ਸ਼ਰਮਾ, ਰਾਜਾ ਸਾਹਿਬ ਜੀ ਜੇ.ਸੀ.ਬੀ. ਦੇ ਐੱਮ.ਡੀ. ਨੰਬਰਦਾਰ ਹਰਨੇਕ ਸਿੰਘ ਸਿੱਧੂਪੁਰ, ਗੁਰਮੇਲ ਸਿੰਘ ਸਾਬਕਾ ਸਰਪੰਚ ਸਮੇਤ ਪਿੰਡ ਅਤੇ ਇਲਾਕਾ ਨਿਵਾਸੀ ਸ਼ਾਮਲ ਸਨ |