ਜਲੰਧਰ, 26 ਅਪ੍ਰੈਲ (ਐੱਮ. ਐੱਸ. ਲੋਹੀਆ)-ਬੱਚੇ ਨੂੰ ਵਿਦੇਸ਼ ਭੇਜਣ ਦੇ ਨਾਂਅ 'ਤੇ ਕਰੀਬ 11 ਲੱਖ ਰੁਪਏ ਲੈਣ ਤੋਂ ਬਾਅਦ ਵੀ ਅੰਮਿ੍ਤਧਾਰੀ ਬੀਬੀ ਨੂੰ ਪ੍ਰੇਸ਼ਾਨ ਕਰ ਰਹੇ ਟਰੈਵਲ ਏਜੰਟ ਖ਼ਿਲਾਫ਼ ਆਈਆਂ ਸਿੱਖ ਜਥੇਬੰਦੀਆਂ ਨੇ ਟਰੈਵਲ ਏਜੰਟ ਤੋਂ ਪੈਸੇ ਵਾਪਸ ਦੇਣ ਦਾ ਭਰੋਸਾ ਮਿਲਣ ਤੋਂ ਬਾਅਦ ਬੀਬੀ ਨੂੰ ਇਨਸਾਫ਼ ਦਿਵਾਇਆ | ਅਗਾਜ਼ ਐੱਨ. ਜੀ. ਓ. ਦੇ ਪਰਮਪ੍ਰੀਤ ਸਿੰਘ ਵਿੱਟੀ ਨੇ ਜਾਣਕਾਰੀ ਦਿੱਤੀ ਕਿ ਕਰੀਬ ਸਵਾ ਸਾਲ ਪਹਿਲਾਂ ਲੁਧਿਆਣਾ ਦੇ ਇਕ ਗੁਰਸਿੱਖ ਪਰਿਵਾਰ ਨੇ ਆਪਣੇ ਬੱਚੇ ਨੂੰ ਵਿਦੇਸ਼ ਭੇਜਣ ਲਈ ਕਰਜ਼ਾ ਲੈ ਕੇ ਜਲੰਧਰ ਦੀ ਇਕ ਮਸ਼ਹੂਰ ਟਰੈਵਲ ਏਜੰਸੀ ਨੂੰ ਕਰੀਬ 11 ਲੱਖ ਰੁਪਏ ਦਿੱਤੇ ਸਨ, ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਨਾ ਤਾਂ ਟਰੈਵਲ ਏਜੰਟ ਉਸ ਨੂੰ ਵਿਦੇਸ਼ ਭੇਜ ਰਿਹਾ ਸੀ, ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕਰ ਰਿਹਾ ਸੀ | ਪਹਿਲਾਂ ਤੋਂ ਹੀ ਕਰਜੇ ਹੇਠ ਪਰਿਵਾਰ 'ਤੇ ਹੁਣ ਵਿਆਜ ਦਾ ਵੀ ਕਰਜ਼ਾ ਵੱਧ ਰਿਹਾ ਸੀ | ਵਿੱਟੀ ਨੇ ਕਿਹਾ ਕਿ ਪਰਿਵਾਰ ਨੇ ਉਨ੍ਹਾਂ ਤੱਕ ਪਹੁੰਚ ਕੀਤੀ, ਤਾਂ ਪਿਛਲੇ 15-20 ਦਿਨ ਤੋਂ ਉਹ ਪੀੜਤਾਂ ਦੇ ਨਾਲ ਜਾ ਕੇ ਟਰੈਵਲ ਏਜੰਟ ਨਾਲ ਗੱਲ ਕਰ ਰਹੇ ਸਨ | ਇਸ ਦੇ ਬਾਵਜੂਦ ਟਰੈਵਲ ਏਜੰਟ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਸੀ | ਅੱਜ ਉਨ੍ਹਾਂ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪ੍ਰਦੇਸੀ, ਹਰਪ੍ਰੀਤ ਸਿੰਘ ਨੀਟੂ, ਜਜ਼ਬਾ ਐੱਨ. ਜੀ. ਓ. ਦੇ ਗਗਨਦੀਪ ਸਿੰਘ ਨਾਗੀ ਤੇ ਮੈਡੀਕਲ ਐਸੋਸੀਏਸ਼ਨ ਦੇ ਵੀਰਾਂ ਨਾਲ ਮਿਲ ਕੇ ਟ੍ਰੈਵਲ ਏਜੰਸੀ ਦੇ ਪ੍ਰਬੰਧਕਾਂ ਨਾਲ ਗੱਲ ਕਰਕੇ, ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਦਬਾਅ ਬਣਾਇਆ, ਜਿਸ ਤੋਂ ਬਾਅਦ ਉਨ੍ਹਾਂ ਦੀ ਚੰਡੀਗੜ੍ਹ ਵਿਖੇ ਏਜੰਸੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ, ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਲਿਖਤੀ ਰੂਪ 'ਚ ਭਰੋਸਾ ਦਿੱਤਾ ਕਿ ਕੁਝ ਹੀ ਦਿਨਾਂ ਅੰਦਰ ਸਾਰੇ ਪੈਸੇ ਵਾਪਸ ਕਰ ਦਿੱਤੇ ਜਾਣਗੇ | ਇਸ ਮੌਕੇ ਇੰਦਰਪ੍ਰੀਤ ਸਿੰਘ ਸੋਢੀ, ਐਡਵੋਕੇਟ ਸੰਦੀਪ ਕੰਵਲ ਸਿੰਘ ਛਾਬੜਾ, ਅਮਰਜੀਤ ਸਿੰਘ ਮੰਗਾ, ਜਸਪ੍ਰੀਤ ਸਿੰਘ ਜੱਸੀ, ਪ੍ਰੋਫ਼ੈਸਰ ਸੁਖਜੀਤ ਸਿੰਘ, ਪ੍ਰਦੀਪ ਸਿੰਘ ਵਿੱਕੀ, ਤਜਿੰਦਰ ਸਿੰਘ ਰੋਬੀ, ਕਮਲ ਸਿੰਘ, ਪ੍ਰਬਜੀਤ ਸਿੰਘ, ਬਲਦੇਵ ਬੱਲੀ, ਬਿਕਰਮਜੀਤ ਸਿੰਘ ਟਿੰੰਕੂ, ਮਨਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ |