ਜਲੰਧਰ, 27 ਅਪ੍ਰੈਲ (ਜਸਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾਂ ਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਵੱਡੇ-ਵੱਡੇ ਬਿਜਲੀ ਦੇ ਕੱਟ ਲੱਗਣ ਕਾਰਨ ਜਿੱਥੇ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ ਉਥੇ ਹੀ ਕਿਸਾਨਾਂ ਦੀਆਂ ਫਸਲਾਂ ਵੀ ਖਰਾਬ ਹੋ ਰਹੀਆਂ ਹਨ ਪਿਛਲੇ ਦਿਨੀ ਚੀਫ ਇੰਜੀਨੀਅਰ ਸ਼ਕਤੀ ਸਦਨ ਜਲੰਧਰ ਦੇਸ ਰਾਜ ਬੰਗੜ ਨੂੰ ਮਿਲ ਕੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਸੀ ਅਤੇ ਕਿਸਾਨਾਂ ਨੇ ਅੱਠ ਘੰਟੇ ਬਿਜਲੀ ਦੀ ਮੰਗ ਰੱਖੀ ਸੀ | ਦਿਨ ਵੇਲੇ ਉਨ੍ਹਾਂ ਵਲੋਂ ਪੰਜ ਘੰਟੇ ਬਿਜਲੀ ਲਗਾਤਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਪੰਜ ਘੰਟੇ ਲਗਾਤਾਰ ਬਿਜਲੀ ਵਿਚੋਂ ਫਿਰ ਦੋ ਢਾਈ ਘੰਟੇ ਦਾ ਕੱਟ ਲਗਾ ਦਿੱਤਾ ਜਾਂਦਾ ਹੈ, ਜਿਸ ਨਾਲ ਕਿ ਕਿਸਾਨ ਦੀ ਮੱਕੀ ਦੀ ਫਸਲ ਤੇ ਸਬਜ਼ੀਆਂ ਵੇਲਾਂ ਆਦਿ ਖਰਾਬ ਹੋ ਰਹੀ ਹੈ | ਭਗਵੰਤ ਮਾਨ ਪੰਜਾਬ ਸਰਕਾਰ ਤਾਂ ਵੱਡੀਆਂ ਵੱਡੀਆਂ ਗੱਲਾਂ ਕਰਦੀ ਸੀ ਕਿ ਪੰਜਾਬ ਨੂੰ ਬਿਜਲੀ ਸਰਪ੍ਰਸਤ ਕਰ ਦਿੱਤਾ ਗਿਆ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਅੱਠ ਘੰਟੇ ਲਾਈਟ ਨਹੀਂ ਮਿਲਦੀ ਤਾਂ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ ਸ਼ਕਤੀ ਸਦਨ ਜਲੰਧਰ ਦੇ ਗੇਟ ਅਤੇ ਸੜਕਾਂ 'ਤੇ ਧਰਨਾ ਪ੍ਰਦਰਸ਼ਨ ਲਈ ਮਜਬੂਰ ਹੋ ਜਾਣਗੇ |