ਜਲੰਧਰ, 27 ਅਪ੍ਰੈਲ (ਐੱਮ. ਐੱਸ. ਲੋਹੀਆ)-ਸੀ. ਪੀ. ਆਈ., ਸੀ. ਪੀ. ਆਈ. ਐੱਮ. ਤੇ ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਵਲੋਂ ਸਾਂਝੀ ਮੀਟਿੰਗ ਗ਼ਦਰੀ ਭਾਈ ਰਤਨ ਸਿੰਘ ਹਾਲ ਜਲੰਧਰ ਵਿਖੇ ਗੁਰਮੀਤ ਸਿੰਘ ਬਖ਼ਤਪੁਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸੁਖਵਿੰਦਰ ਸਿੰਘ ਸੇਖੋਂ, ਪਿ੍ਥੀਪਾਲ ਸਿੰਘ ਮਾੜੀਮੇਘਾ ਤੇ ਮੇਜਰ ਸਿੰਘ ਭਿੱਖੀਵਿੰਡ ਸ਼ਾਮਿਲ ਹੋਏ | ਆਗੂਆਂ ਨੇ ਜਾਣਕਾਰੀ ਦਿੱਤੀ ਕਿ ਇਸ ਮੀਟਿੰਗ 'ਚ ਪੰਜਾਬ ਦੇ ਜਲਦੀ ਨਾਲ ਬਦਲ ਰਹੇ ਰਾਜਨੀਤਕ ਹਾਲਾਤਾਂ ਬਾਰੇ ਵਿਚਾਰ-ਵਟਾਂਦਰਾ ਕੀਤਾ | ਉਨ੍ਹਾਂ ਕਿਹਾ ਕਿ ਵੱਧ ਰਹੀ ਬੀ. ਜੇ. ਪੀ. ਦੀ ਤਾਕਤ ਨੂੰ ਰੋਕਣ ਲਈ ਪੰਜਾਬ ਦੀਆਂ ਤਿੰਨ ਖੱਬੇ ਪੱਖੀ ਧਿਰਾਂ ਨੇ ਇਕੱਠੇ ਸੰਘਰਸ਼ ਕਰਨ ਦਾ ਪ੍ਰੋਗਰਾਮ ਬਣਾਇਆ ਹੈ | ਉਨ੍ਹਾਂ ਕਿਹਾ ਕਿ ਭਾਖ਼ੜਾ ਬਿਆਸ ਮੈਨੇਜਮੈਂਟ ਬੋਰਡ 'ਚ ਪੰਜਾਬ ਦੀ ਮੈਂਬਰੀ ਪੱਕੀ ਸੀ, ਪਰ ਕੇਂਦਰ ਦੀ ਸਰਕਾਰ ਨੇ ਬੋਰਡ 'ਚੋਂ ਪੰਜਾਬ ਦੇ ਹੱਕ ਖੋਹਣ ਵਾਸਤੇ ਸਥਾਈ ਮੈਂਬਰੀ ਖ਼ਤਮ ਕਰ ਦਿੱਤੀ ਹੈ | ਆਗੂਆਂ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਵੰਡ ਵੇਲੇ ਵੀ ਪੰਜਾਬ ਨਾਲ ਧੱਕਾ ਕੀਤਾ ਤੇ ਇਹ ਪਾਣੀ ਦੀ ਵੰਡ ਦਾ ਮਸਲਾ ਹੁਣ ਤੱਕ ਵੀ ਹੱਲ ਨਹੀਂ ਕੀਤਾ ਜਾ ਰਿਹਾ | ਆਗੂਆਂ ਨੇ ਚਿੰਤਾ ਪ੍ਰਗਟ ਕੀਤੀ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਹਾਲਤ ਬਹੁਤ ਵਿਗੜੀ ਹੋਈ ਹੈ, ਲਗਾਤਾਰ ਗੈਂਗਸਟਰਾਂ ਦਾ ਵਰਤਾਰਾ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਫ਼ਿਰੌਤੀ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਉਨ੍ਹਾਂ ਕਿਹਾ ਕਿ ਕੇਂਦਰ ਦੀ ਬੀ. ਜੇ. ਪੀ. ਸਰਕਾਰ ਨੇ ਈਰਾਨ, ਅਮਰੀਕਾ ਤੇ ਇਜ਼ਰਾਈਲ ਦੀ ਜੰਗ 'ਚ ਕੋਈ ਉਸਾਰੂ ਭੂਮਿਕਾ ਅਦਾ ਨਹੀਂ ਕੀਤਾ, ਸਗੋਂ ਜੰਗ 'ਚ ਅਮਰੀਕਾ ਦਾ ਹੀ ਪੱਖ ਪੂਰਿਆ ਗਿਆ | ਖੱਬੀਆਂ ਧਿਰਾਂ ਨੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਪੰਜਾਬ ਦੀਆਂ ਸਰਕਾਰ ਵਿਰੋਧੀ ਧਿਰਾਂ ਪੰਜਾਬ ਦੇ ਉਕਤ ਮਸਲਿਆਂ ਦੇ ਵਿਰੋਧ ਤੋਂ ਬਿਨਾਂ ਹੀ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਸਰਕਾਰ ਬਣਾਉਣਾ ਚਾਹੁੰਦੀਆਂ ਹਨ, ਜੋ ਸੋਚ ਗ਼ਲਤ ਹੈ | ਪੰਜਾਬ ਸਰਕਾਰ ਵਿਰੋਧੀ ਧਿਰਾਂ ਨੂੰ ਲੋਕ ਪੱਖੀ ਮਸਲਿਆਂ ਨੂੰ ਲੈ ਕੇ ਅੱਗੇ ਆਉਣਾ ਚਾਹੀਦਾ ਹੈ |