ਜਲੰਧਰ, 27 ਅਪ੍ਰੈਲ (ਜਸਪਾਲ ਸਿੰਘ)-ਲਾਡੋਵਾਲੀ ਰੋਡ ਸਥਿਤ ਯੂਨੀਵਰਸਿਟੀ ਕਾਲਜ ਵਿਚ ਆਖਰੀ ਸਾਲ ਦੇ ਵਿਦਿਆਰਥੀਆਂ ਲਈ 'ਰੁਖ਼ਸਤ-ਏ-ਮਹਿਫ਼ਲ' ਨਾਂਅ ਹੇਠ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ | ਸਮਾਗਮ ਵਿਚ ਵੱਡੀ ਗਿਣਤੀ ਵਿਚ ਹਿੱਸਾ ਲਿਆ | ਇਸ ਮੌਕੇ ਕਾਲਜ ਦੀ ਓ. ਐਸ. ਡੀ. ਡਾ. ਨਵਜੋਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਕਿਹਾ ਕਿ 'ਅੱਜ ਦਾ ਦਿਨ ਖੁਸ਼ੀ ਤੇ ਵਿਛੋੜੇ ਦੋਵਾਂ ਭਾਵਨਾਵਾਂ ਨਾਲ ਭਰਿਆ ਹੋਇਆ ਹੈ | ਤੁਸੀਂ ਸਾਡੇ ਲਈ ਸਿਰਫ ਵਿਦਿਆਰਥੀ ਨਹੀਂ, ਸਾਡੇ ਪਰਿਵਾਰ ਦਾ ਹਿੱਸਾ ਹੋ | ਕਾਲਜ ਵਿਚ ਬਿਤਾਏ ਇਹ ਪਲ ਤੁਹਾਡੀ ਜ਼ਿੰਦਗੀ ਦੀਆਂ ਸਭ ਤੋਂ ਕੀਮਤੀ ਯਾਦਾਂ ਬਨਣਗੇ |' ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਮਾਨਦਾਰੀ, ਮਿਹਨਤ ਤੇ ਲਗਨ ਨਾਲ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿਚ ਗਿੱਧਾ, ਭੰਗੜਾ, ਗੀਤ-ਸੰਗੀਤ ਤੇ ਹੋਰ ਮਨੋਰੰਜਕ ਪ੍ਰਸਤੁਤੀਆਂ ਨੇ ਸਭ ਦਾ ਮਨ ਮੋਹ ਲਿਆ | ਵਿਦਿਆਰਥੀਆਂ ਦੀ ਪ੍ਰਤਿਭਾ ਤੇ ਉਤਸ਼ਾਹ ਨੇ ਸਮਾਗਮ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ | ਮੰਚ ਸੰਚਾਲਨ ਡਾ. ਮਾਨਸੀ ਚੋਪੜਾ ਤੇ ਦੀਪਿਕਾ ਸ਼ਰਮਾ ਵਲੋਂ ਬਹੁਤ ਸੁਚੱਜੇ ਢੰਗ ਨਾਲ ਕੀਤਾ | ਮੁੱਖ ਖਿਤਾਬਾਂ ਵਿਚ ਹਰਮਨ ਸਿੰਘ ਨੂੰ 'ਮਿਸਟਰ ਫੇਅਰਵੈਲ', ਇਸ਼ਾਂਤ ਨੂੰ 'ਮਿਸਟਰ ਹੈਂਡਸਮ', ਦੇਵਾਂਸ਼ੂ ਨੂੰ 'ਮਿਸਟਰ ਟ੍ਰੈਂਡੀ' ਤੇ ਸੁਇਦਨ ਨੂੰ 'ਮਿਸਟਰ ਪਰਫੈਕਟ' ਦੇ ਖਿਤਾਬ ਨਾਲ ਨਿਵਾਜਿਆ | ਇਸੇ ਤਰ੍ਹਾਂ ਦਿਨਾਂਸ਼ੀ ਨੂੰ 'ਮਿਸ ਫੇਅਰਵੈਲ', ਕੋਮਲ ਨੂੰ 'ਮਿਸ ਸਨਸ਼ਾਈਨ', ਦਿ੍ਸ਼ਟੀ ਨੂੰ 'ਮਿਸ ਚਾਰਮਿੰਗ', ਆਇਸ਼ਾ ਨੂੰ 'ਮਿਸ ਫੋਟੋਜੈਨਿਕ' ਤੇ ਦੀਪਾਕਸ਼ੀ ਨੂੰ 'ਮਿਸ ਡੀਵਾ' ਦਾ ਖਿਤਾਬ ਨਾਲ ਸਨਮਾਨਿਤ ਕੀਤਾ, ਜਿਨ੍ਹਾਂ ਨੂੰ ਡਾ. ਨਵਜੋਤ ਵਲੋਂ ਇਨਾਮ ਤੇ ਸਨਮਾਨ ਪੱਤਰ ਭੇਟ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਵੀ ਕੀਤੀ ਗਈ | ਸਮਾਗਮ ਵਿਚ ਡਾ. ਅਸ਼ੀਸ਼ ਅਰੋੜਾ, ਡਾ. ਲਖਵੀਰ ਸਿੰਘ, ਡਾ. ਸੋਨੀਆ ਕੁੰਦਰਾ, ਡਾ. ਪਰਵਿੰਦਰ ਕੌਰ ਢਿੱਲੋਂ ਸਮੇਤ ਸਮੂਹ ਅਧਿਆਪਨ ਸਟਾਫ਼ ਮੌਜੂਦ ਰਹੇ | ਸਮਾਗਮ ਦੇ ਅੰਤ 'ਤੇ ਵਿਦਿਆਰਥੀਆਂ ਨੇ ਆਪਣੇ ਕਾਲਜ ਦੇ ਯਾਦਗਾਰ ਪਲਾਂ ਨੂੰ ਸਾਂਝਾ ਕੀਤਾ |