ਜਲੰਧਰ, 4 ਮਈ (ਜਤਿੰਦਰ ਪੰਮੀ)-ਵਾਰਡ ਨੰਬਰ 12 ਵਿਚ ਕਰੀਬ 85 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਈਲਾਂ ਲਗਾ ਕੇ ਤਿਆਰ ਕੀਤੀ ਗਈ ਸੜਕ ਸੋਮਵਾਰ ਨੂੰ ਸੈਂਟਰਲ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਵਲੋਂ ਲੋਕਾਂ ਨੂੰ ਸਮਰਪਿਤ ਕੀਤੀ ਗਈ | ਉਨ੍ਹਾਂ ਕਿਹਾ ਕਿ ਇਲਾਕਾ ਵਾਸੀਆਂ ਦੀ ਇਹ ਮੰਗ ਪਿਛਲੇ ਕਈ ਸਾਲਾਂ ਤੋਂ ਸੀ ਅਤੇ ਕਰੀਬ 15 ਤੋਂ 20 ਸਾਲਾਂ ਤੋਂ ਇਹ ਸੜਕ ਨਾ ਬਣਨ ਕਾਰਨ ਲੋਕਾਂ ਨੂੰ ਆਵਾਜਾਈ ਦੌਰਾਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਹੁਣ ਇਸ ਸੜਕ ਦੇ ਤਿਆਰ ਹੋਣ ਨਾਲ ਇਲਾਕਾ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ | ਉਨ੍ਹਾਂ ਦੱਸਿਆ ਕਿ ਇਹ ਵਿਕਾਸ ਕਾਰਜ ਬਿਜਲੀ ਘਰ ਤੋਂ ਮੇਨ ਰੋਡ ਤੱਕ ਕਰਵਾਇਆ ਗਿਆ ਹੈ, ਜਿਸ ਤਹਿਤ ਪੂਰੇ ਰਸਤੇ 'ਤੇ ਇੰਟਰਲਾਕ ਟਾਈਲਾਂ ਲਗਾ ਕੇ ਸੜਕ ਦੀ ਨਵੀਂ ਉਸਾਰੀ ਕੀਤੀ ਗਈ ਹੈ | ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਸੁਵਿਧਾਜਨਕ ਆਵਾਜਾਈ ਦੇ ਨਾਲ-ਨਾਲ ਇੱਕ ਬਿਹਤਰ ਬੁਨਿਆਦੀ ਢਾਂਚਾ ਵੀ ਪ੍ਰਾਪਤ ਹੋਇਆ ਹੈ | ਨਿਤਿਨ ਕੋਹਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ | ਇਸ ਮੌਕੇ ਵਾਰਡ ਨੰਬਰ 12 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਸ਼ਿਵਮ ਸ਼ਰਮਾ ਵੀ ਵਿਸੇਸ ਤੌਰ 'ਤੇ ਮੌਜੂਦ ਸਨ | ਉਨ੍ਹਾਂ ਕਿਹਾ ਕਿ ਵਾਰਡ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਅੱਜ ਪੂਰਾ ਹੁੰਦਾ ਦੇਖ ਕੇ ਖੁਸੀ ਮਹਿਸੂਸ ਹੋ ਰਹੀ ਹੈ | ਉਨ੍ਹਾਂ ਨਿਤਿਨ ਕੋਹਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਵਾਰਡ ਵਿੱਚ ਵਿਕਾਸ ਕਾਰਜ ਲਗਾਤਾਰ ਰਫਤਾਰ ਫੜ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਲੋਕ-ਹਿਤੈਸੀ ਪ੍ਰੋਜੈਕਟ ਇਲਾਕੇ ਨੂੰ ਸਮਰਪਿਤ ਕੀਤੇ ਜਾਣਗੇ | ਇਸ ਮੌਕੇ ਤਿ੍ਲੋਕ ਸਿੰਘ ਸਰਾਂ, ਸਮੀਰ ਮਰਵਾਹਾ, ਸੰਜੀਵ ਤ੍ਰੇਹਨ, ਰਾਮ ਲੁਭਾਇਆ, ਬਾਬਾ ਰੌਸ਼ਨ ਅਲੀ, ਮੁਲਕ ਰਾਜ, ਜਸਮੀਤ ਅਤੇ ਰਾਮਪਾਲ ਸਰੋਆ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |