ਜਲੰਧਰ, 4 ਮਈ (ਐੱਮ. ਐੱਸ. ਲੋਹੀਆ)-ਪੰਜਾਬੀ ਦੇ ਅਗਾਂਹਵਧੂ ਲੇਖਕਾਂ, ਚਿੰਤਕਾਂ ਅਤੇ ਕਲਾਕਾਰਾਂ ਨੂੰ 'ਇਪਸਾ' ਆਸਟ੍ਰੇਲੀਆ ਅਤੇ ਸਾਹਿਤ ਕਲਾ ਕੇਂਦਰ ਜਲੰਧਰ ਵਲੋਂ ਦਿੱਤੇ ਜਾਣ ਵਾਲੇ ਸਾਲਾਨਾ ਪੁਰਸਕਾਰ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਯਾਦਗਾਰੀ ਪੁਰਸਕਾਰ ਇਸ ਸਾਲ ਪੰਜਾਬੀ ਦੇ ਸਿਰਮੌਰ ਗਲਪ ਲੇਖਕ ਅਜਮੇਰ ਸਿੱਧੂ ਨੂੰ ਅਤੇ ਗ਼ਦਰੀ ਭਾਈ ਸੰਤੋਖ ਸਿੰਘ ਧਰਦਿਓ ਯਾਦਗਾਰੀ ਪੁਰਸਕਾਰ ਉੱਘੇ ਸਾਹਿਤ ਚਿੰਤਕ ਡਾ. ਜੇ.ਬੀ. ਸੇਖੋਂ ਨੂੰ ਦਿੱਤੇ ਗਏ ਹਨ | ਦੇਸ਼ ਭਗਤ ਯਾਦਗਾਰ ਹਾਲ ਵਿਖੇ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ ਦੌਰਾਨ ਡਾ. ਜਸਪਾਲ ਸਿੰਘ, ਸਾਬਕਾ ਪਿ੍ੰਸੀਪਲ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ, ਜਦਕਿ ਪ੍ਰਧਾਨਗੀ ਮੰਡਲ 'ਚ ਪੰਜਾਬੀ ਦੇ ਸ਼੍ਰੋਮਣੀ ਸ਼ਾਇਰ ਸੁਰਜੀਤ ਜੱਜ, ਕਹਾਣੀਕਾਰ ਭਗਵੰਤ ਰਸਲੂਪੁਰੀ ਅਤੇ ਸਾਹਿਤ ਕਲਾ ਕੇਂਦਰ ਦੇ ਸਰਪ੍ਰਸਤ ਇੰਜੀਨੀਅਰ ਸ਼ੀਤਲ ਸਿੰਘ ਸੰਘਾ ਸ਼ਾਮਲ ਹੋਏ | ਇਸ ਸਨਮਾਨ ਸਮਾਗਮ 'ਚ ਬਾਬਾ ਜਵਾਲਾ ਸਿੰਘ ਠੱਠੀਆਂ ਦੇ ਪਰਿਵਾਰ ਦੀਆਂ ਧੀਆਂ ਅਤੇ ਭਾਈ ਸੰਤੋਖ ਸਿੰਘ ਧਰਦਿਓ ਦੇ ਪਿੰਡ ਦੇ ਉੱਘੇ ਆਗੂ ਮਨਦੀਪ ਸਿੰਘ ਧਰਦਿਓ ਅਤੇ ਉਨ੍ਹਾਂ ਦੇ ਸਾਥੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਇਪਸਾ ਆਸਟ੍ਰੇਲੀਆ ਦੇ ਸਰਬਜੀਤ ਸੋਹੀ ਅਤੇ ਸਾਹਿਤ ਕਲਾ ਕੇਂਦਰ ਦੇ ਪ੍ਰਧਾਨ ਡਾ. ਗੋਪਾਲ ਸਿੰਘ ਬੁੱਟਰ ਨੇ ਇਸ ਸਫ਼ਲ ਸਮਾਗਮ 'ਚ ਦੱਸਦਿਆਂ ਕਿਹਾ ਕਿ ਇਸ ਵਾਰ ਇਹ ਦਸਵੇਂ ਪੁਰਸਕਾਰ ਸਮਾਗਮ ਹੈ, ਜਿਸ ਦੌਰਾਨ ਅਜਮੇਰ ਸਿੰਘ ਸਿੱਧੂ ਅਤੇ ਡਾ. ਜੇ.ਬੀ. ਸੇਖੋਂ ਨੂੰ ਸਨਮਾਨ ਦਿੱਤੇ ਗਏ ਹਨ | ਸਮਾਗਮ 'ਚ ਪੰਜਾਬੀ ਦੇ ਵੱਡੇ ਲੇਖਕ ਮੱਖਣ ਮਾਨ, ਬਲਦੇਵ ਸਿੰਘ ਬੱਦਨ, ਨਰਿੰਦਰਪਾਲ ਸਿੰਘ ਕੰਗ, ਕਵਿਤਰੀ ਬਲਜੀਤ ਕੌਰ ਬੱਲ ਨੇ ਆਪਣੀਆਂ ਕਾਵਿ-ਰਚਨਾਵਾਂ ਪ੍ਰਸਤੁਤ ਕੀਤੀਆਂ | ਇਸ ਮੌਕੇ 'ਤੇ ਅਜਮੇਰ ਸਿੱਧੂ ਦੀ ਕਹਾਣੀ ਕਲਾ ਬਾਰੇ ਦੀਪਕ ਮਹਿਤਾ ਅਤੇ ਡਾ. ਜੇ.ਬੀ. ਸੇਖੋਂ ਦੇ ਸਾਹਿਤ ਚਿੰਤਨ ਬਾਰੇ ਭਗਵੰਤ ਰਸੂਲਪੁਰੀ ਨੇ ਮੁੱਲਵਾਨ ਗੱਲਬਾਤ ਕੀਤੀ | ਕੈਨੇਡਾ ਤੋਂ ਭੁਪਿੰਦਰ ਸਿੰਘ ਮੱਲੀ ਨੇ ਸਨਮਾਨਿਤ ਲੇਖਕਾਂ ਨੂੰ ਲਿਖਤੀ ਵਧਾਈ ਅਤੇ ਸ਼ੁੱਭਕਾਮਨਾਵਾਂ ਭੇਜੀਆਂ | ਸਮਾਗਮ 'ਚ ਡਾ. ਸੁਖਵਿੰਦਰ ਸਿੰਘ ਸੰਘਾ, ਸੁਰਿੰਦਰ ਕੁਮਾਰੀ ਕੋਛੜ, ਗੁਰਮੀਤ ਸਿੰਘ, ਪਿ੍ੰਸੀਪਲ ਸੋਮਦੱਤ ਭਗਤ ਸਮੇਤ ਵੱਡੀ ਗਿਣਤੀ 'ਚ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ | ਦੋਨੋਂ ਲੇਖਕਾਂ ਨੇ ਇਸ ਇਨਾਮ ਨੂੰ ਇਕ ਵੱਡੀ ਜ਼ਿੰਮੇਵਾਰੀ ਵਾਲਾ ਕਾਰਜ ਦੱਸਦਿਆਂ ਪੂਰੀ ਵਚਨਬੱਧਤਾ ਨਾਲ ਕੰਮ ਕਰਨ ਦਾ ਵਾਅਦਾ ਕੀਤਾ | ਸਮਾਗਮ ਦੇ ਅਖੀਰ 'ਚ ਪਿ੍ੰਸੀਪਲ ਡਾ. ਜਸਪਾਲ ਸਿੰਘ ਨੇ ਅਜਮੇਰ ਸਿੱਧੂ ਅਤੇ ਡਾ. ਜੇ.ਬੀ. ਸੇਖੋਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਕਾਰਜ ਦੀ ਸ਼ਲਾਘਾ ਕੀਤੀ | ਕੇਂਦਰ ਦੇ ਪ੍ਰਧਾਨ ਡਾ. ਬੁੱਟਰ ਨੇ ਆਏ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਹੈ |