07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਮਹਾਨਗਰ ਅੰਦਰ ਲੁੱਟਾਂ-ਖੋਹਾਂ ਵਧੀਆਂ; ਕਾਰੋਬਾਰੀਆਂ 'ਚ ਰੋਹ, ਧਰਨਾ ਦੇਣ ਦੀ ਚਿਤਾਵਨੀ

Ad Position 21
No active advertisement
ਅਜੀਤ ਡੈਸਕ 11-05-2026

ਜਲੰਧਰ, 10 ਮਈ (ਜਤਿੰਦਰ ਪੰਮੀ)-ਪਿਛਲੀ ਦਿਨਾਂ ਦੌਰਾਨ ਮਹਾਨਗਰ ਅੰਦਰ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋਇਆ ਹੈ | ਹਫਤੇ ਅੰਦਰ ਹੀ ਨੌਸਰਬਾਜ਼ ਲੁਟੇਰਿਆਂ ਵਲੋਂ ਫਿਲਮੀ ਅੰਦਾਜ਼ 'ਚ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਇਸ ਤੋਂ ਇਲਾਵਾ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਲੁਟੇਰਿਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਵੀ ਕਈ ਲੋਕਾਂ ਨੂੰ ਲੁੱਟਿਆ ਗਿਆ ਹੈ | ਲੁਟੇਰਿਆਂ ਦੇੇ ਹੌਸਲੇ ਏਨੇ ਵਧ ਚੁੱਕੇ ਹਨ ਕਿ ਉਹ ਥਾਣੇ ਤੋਂ ਥੋੜ੍ਹੀ ਦੂਰੀ ਵੀ ਵਾਰਦਾਤ ਕਰਨ ਤੋਂ ਨਹੀਂ ਡਰਦੇ, ਜਿਸ ਕਰਕੇ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | 2 ਮਈ ਨੂੰ ਥਾਣਾ ਚਾਰ ਅਧੀਨ ਪੈਂਦੇ ਖੇਤਰ ਨਕੋਦਰ ਰੋਡ 'ਤੇ ਕਲੀਨਿਕ ਦੇ ਅੰਦਰ ਬੈਠੀ ਔਰਤ ਨੂੰ ਲੁਟੇਰਿਆਂ ਨਿਸ਼ਾਨਾ ਬਣਾਇਆ ਤੇ ਉਸ ਦੀ ਸੋਨੇ ਦੀ ਚੇਨ ਲੁੱਟ ਕੇ ਫਰਾਰ ਹੋ ਗਏ | ਉਸੇ ਦਿਨ ਹੀ ਥਾਣਾ ਬਸਤੀ ਬਾਵਾ ਖੇਲ ਇਲਾਕੇ 'ਚ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਘਰੋਂ ਸਕੂਟਰ 'ਤੇ ਬਾਹਰ ਨਿਕਲੇ ਬਜ਼ੁਰਗ ਨੂੰ ਲੁਟੇਰਿਆਂ ਨੇ ਪਹਿਲਾਂ ਮੋਟਰਸਾਈਕਲ ਨਾਲ ਟੱਕਰ ਮਾਰ ਕੇ ਹੇਠਾਂ ਸੁੱਟਿਆ ਤੇ ਫਿਰ ਉਸ ਦੀ ਜੇਬ 'ਚ 50,000 ਰੁਪਏ ਦੀ ਨਕਦੀ ਤੇ ਹੱਥ 'ਚ ਪਾਇਆ ਕੜਾ ਵੀ ਖੋਹ ਲਿਆ | ਲੁਟੇਰਿਆਂ ਦੇ ਹੌਸਲੇ ਦਾ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਬਜ਼ੁਰਗ ਦੇ ਹੱਥ 'ਚ ਪਾਇਆ 6-7 ਤੋਲੇ ਸੋਨੇ ਦਾ ਕੜਾ ਵੱਢਣ ਲਈ ਕੱਟਰ ਵੀ ਲਿਆਂਦਾ ਹੋਇਆ ਸੀ | ਇਸ ਮਾਮਲੇ 'ਚ ਲੋਕਾਂ ਦਾ ਦੋਸ਼ ਸੀ ਕਿ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਪੁਲਿਸ ਮੌਕੇ 'ਤੇ ਨਹੀਂ ਪੁੱਜੀ ਅਤੇ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਵਲੋਂ ਉਸਦਾ ਸਿਵਲ ਹਸਪਤਾਲ 'ਚੋਂ ਇਲਾਜ ਕਰਵਾਉਣ ਉਪਰੰਤ ਦੇਰ ਰਾਤ ਥਾਣੇ ਦੇ ਬਾਹਰ ਕਾਰਵਾਈ ਕਰਵਾਉਣ ਲਈ ਬੈਠੇ ਰਹੇ | ਉਸੇ ਦਿਨ ਹੀ ਰਾਤ ਨੂੰ ਫਗਵਾੜਾ ਗੇਟ ਮਾਰਕੀਟ ਦੇ ਕਾਰੋਬਾਰੀ ਭਰਤ ਕੁਮਾਰ ਨੂੰ ਨੌਸਰਬਾਜ਼ ਲੁਟੇਰਿਆਂ ਨੇ ਫਿਲਮੀ ਅੰਦਾਜ਼ ਲੁੱਟ ਲਿਆ | ਭਰਤ ਕੁਮਾਰ ਆਪਣੀ ਦੁਕਾਨ ਤੋਂ ਰਾਏਜ਼ਾਦਾ ਹੰਸ ਰਾਜ ਸਟੇਡੀਅਮ ਜਾ ਰਹੇ ਸਨ ਤਾਂ ਭਗਤ ਨਾਮਦੇਵ ਚੌਕ ਨੇੜੇ ਦੋ ਨੌਜਵਾਨਾਂ ਨੇ ਸ਼ੀਸ਼ਾ ਖੜਕਾ ਕੇ ਕਿਹਾ ਕਿ ਤੁਹਾਡੀ ਕਾਰ ਟਾਇਰ ਫਟ ਗਿਆ ਹੈ, ਜਦੋਂ ਉਹ ਬਾਹਰ ਨਿਕਲ ਕੇ ਟਾਇਰ ਬਦਲਣ ਲੱਗੇ ਤਾਂ ਨੌਸਰਬਾਜ਼ ਉਨ੍ਹਾਂ ਦੇ ਨਕਦੀ ਤੇ ਗਹਿਣਿਆਂ ਵਾਲਾ ਬੈਗ ਲੈ ਕੇ ਫਰਾਰ ਹੋ ਗਏ | ਸ਼ਨਿਚਰਵਾਰ ਰਾਤ ਵੀ ਥਾਣਾ ਡਵੀਜ਼ਨ ਨੰਬਰ ਚਾਰ ਅਧੀਨ ਪੈਂਦੇ ਡਾ. ਬੀਆਰ ਅੰਬੇਡਕਰ ਚੌਕ 'ਚ ਸ਼ਾਪਿੰਗ ਕਰਕੇ ਆਈ ਔਰਤ ਜਦੋਂ ਆਟੋ 'ਚ ਬਾਹਰ ਨਿਕਲੀ ਤਾਂ ਲੁਟੇਰੇ ਉਸ ਦਾ ਪਰਸ ਤੇ ਮੋਬਾਈਲ ਫੋਨ ਝਪਟ ਕੇ ਫਰਾਰ ਹੋ ਗਏ | ਓਧਰ ਭਗਤ ਚੌਕ ਤੋਂ ਓਲਡ ਰੇਲਵੇ ਰੋਡ 'ਤੇ ਪੈਂਦੀ ਕਲਕੱਤਾ ਮਿਊਜ਼ਕ ਸੈਂਟਰ ਦੀ ਦੁਕਾਨ ਦੇ ਮਾਲਕ ਤੇਜਵਿੰਦਰ ਸਿੰਘ ਨਾਲ ਵੀ ਨੌਸਰਬਾਜ਼ ਲੁਟੇਰਿਆਂ ਨੇ ਭਰਤ ਕੁਮਾਰ ਵਾਂਗ ਹੀ ਫਿਲਮੀ ਅੰਦਾਜ਼ 'ਚ ਲੁੱਟ ਦੀ ਵਾਰਦਾਤ ਨੂੰ ਅੰਦਾਜ਼ ਦਿੱਤਾ | ਪੀੜਤ ਕਾਰੋਬਾਰੀਆਂ ਨੇ ਕਿਹਾ ਕਿ ਸ਼ਹਿਰ ਅੰਦਰ ਭੋਤੂ ਗੈਂਗ ਫਿਰ ਸਰਗਰਮ ਹੋ ਗਿਆ ਹੈ, ਜਿਹੜਾ ਪਹਿਲਾਂ ਕਾਰ ਅੱਗੇ ਕੋਈ ਤਿੱਖੀ ਵਸਤੂ ਸੁੱਟ ਕੇ ਟਾਇਰ ਪੰਕਚਰ ਕਰਦਾ ਹੈ ਅਤੇ ਫਿਰ ਪੀੜਤ ਨੂੰ ਦੱਸਣ ਦਾ ਡਰਾਮਾ ਕਰਕੇ ਮੌਕਾ ਮਿਲਦਿਆਂ ਹੀ ਕਾਰ 'ਚੋਂ ਬੈਗ ਚੁੱਕ ਕੇ ਭੱਜ ਜਾਂਦਾ ਹੈ |
ਕਾਰੋਬਾਰੀ ਥਾਣੇ 'ਚ ਜਾ ਕੇ ਕਰਨਗੇ ਰੋਸ ਪ੍ਰਦਰਸ਼ਨ
ਕਾਰੋਬਾਰੀਆਂ ਨਾਲ ਵਾਪਰੀਆਂ ਲੁੱਟ ਦੀਆਂ ਉਕਤ ਘਟਨਾਵਾਂ ਕਾਰਨ ਹੋਰਨਾਂ ਕਾਰੋਬਾਰੀਆਂ 'ਚ ਜਿੱਥੇ ਡਰ ਦਾ ਮਾਹੌਲ ਹੈ, ਉਥੇ ਹੀ ਰੋਸ ਵੀ ਜਾਗ ਗਿਆ ਹੈ | ਸਨਿਚਰਵਾਰ ਫਗਵਾੜਾ ਗੇਟ ਮਾਰਕੀਟ ਐਸੋਸੀਏਸ਼ਨ ਵਲੋਂ ਓਲਡ ਰੇਲਵੇ ਰੋਡ 'ਤੇ ਸਥਿਤ ਮਿਊਜ਼ਿਕ ਇੰਸਟਰੂਮੈਂਟਲ ਦੁਕਾਨਾਂ ਵਾਲਿਆਂ ਨਾਲ ਮੀਟਿੰਗ ਕਰਕੇ ਵਪਾਰੀਆਂ ਨਾਲ ਹੋਈਆਂ ਲੁੱਟ ਦੀਆਂ ਵਾਰਦਾਤਾਂ ਪ੍ਰਤੀ ਰੋਸ ਜ਼ਾਹਰ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਗਵਾੜਾ ਗੇਟ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਸਾਰੇ ਕਾਰੋਬਾਰੀਆਂ ਨੇ ਮੀਟਿੰਗ ਦੌਰਾਨ ਲੁੱਟ ਦੀਆਂ ਵਾਰਦਾਤਾਂ ਪ੍ਰਤੀ ਸਖਤ ਸਟੈਂਡ ਲਿਆ ਹੈ ਅਤੇ ਆਉਣ ਵਾਲੇ ਦਿਨਾਂ ਦੌਰਾਨ ਥਾਣੇ 'ਚ ਜਾ ਕੇ ਪ੍ਰਦਰਸ਼ਨ ਕਰਨ ਦਾ ਵੀ ਪ੍ਰੋਗਰਾਮ ਬਣਾਇਆ ਹੈ |
ਅਰਬਨ ਅਸਟੇਟ ਫੇਜ਼-2 'ਚ ਝਪਟਮਾਰੀ ਦੀ ਕੋਸਿਸ਼, ਲੋਕਾਂ ਨੇ ਪੁਲਿਸ ਤੋਂ ਗਸ਼ਤ ਵਧਾਉਣ ਦੀ ਕੀਤੀ ਮੰਗ
ਸ਼ਹਿਰ ਦੇ ਸੁਰੱਖਿਅਤ ਮੰਨੇ ਜਾਣ ਵਾਲੇ ਇਲਾਕੇ ਅਰਬਨ ਅਸਟੇਟ ਫੇਜ਼-2 ਇਲਾਕੇ 'ਚ ਬੀਤੇ ਦਿਨ ਝਪਟਮਾਰੀ ਦੀ ਕੋਸ਼ਿਸ਼ ਤੋਂ ਬਾਅਦ ਇਲਾਕਾ ਵਾਸੀਆਂ 'ਚ ਡਰ ਦਾ ਮਾਹੌਲ ਬਣ ਗਿਆ ਹੈ | ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਸ਼ਾਮ ਢਲਦੇ ਹੀ ਗਲੀਆਂ ਸੁੰਨੀਆਂ ਹੋ ਜਾਂਦੀਆਂ ਹਨ ਅਤੇ ਸ਼ੱਕੀ ਨੌਜਵਾਨ ਮੋਟਰਸਾਈਕਲਾਂ 'ਤੇ ਚੱਕਰ ਲਾਉਦੇ ਰਹਿੰਦੇ ਹਨ | ਲੋਕਾਂ ਨੇ ਦੱਸਿਆ ਕਿ ਜੋਤੀ ਨਿਜਵਾਨ ਘਰ ਦੇ ਬਾਹਰ ਖੜ੍ਹੀ ਸੀ | ਉਨ੍ਹਾਂ ਨਾਲ ਬਜ਼ੁਰਗ ਮਧੂ ਸ਼ਰਮਾ ਤੇ ਗੁਲਸ਼ਨ ਚਾਵਲਾ ਵੀ ਮੌਜੂਦ ਸਨ | ਇਸ ਦੌਰਾਨ ਕਾਲੇ ਰੰਗ ਦਾ ਹੈਲਮੈਟ ਪਹਿਨੇ ਨੌਜਵਾਨ ਮੋਟਰਸਾਈਕਲ ਸਵਾਰ ਪਹਿਲਾਂ ਗਲੀ ਵਿੱਚ ਦੋ ਚੱਕਰ ਲਗਾ ਕੇ ਗਿਆ ਅਤੇ ਤੀਜੇ ਚੱਕਰ ਦੌਰਾਨ ਉਨ੍ਹ ਕੋਲ ਆ ਕੇ ਮੋਟਰਸਾਈਕਲ ਹੌਲੀ ਕਰਕੇ ਜੋਤੀ ਨਿਜਵਾਨ ਦੀ ਕੰਨ ਦੀ ਵਾਲੀ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਤੁਰੰਤ ਥੱਲੇ ਝੁਕ ਗਈ ਤੇ ਬਚਾਅ ਹੋ ਗਿਆ | ਰੌਲਾ ਪਾਉਣ 'ਤੇ ਲੋਕ ਇਕੱਠੇ ਹੋਏ ਤਾਂ ਝਪਟਮਾਰ ਫਰਾਰ ਹੋ ਗਿਆ | ਲੋਕਾਂ ਦਾ ਕਹਿਣਾ ਹੈ ਕਿ ਹੁਣ ਉਹ ਆਪਣੇ ਬੱਚਿਆਂ ਤੇ ਘਰ ਦੀਆਂ ਮਹਿਲਾਵਾਂ ਨੂੰ ਵੀ ਸ਼ਾਮ ਦੇ ਸਮੇਂ ਗੇਟ ਤੋਂ ਬਾਹਰ ਨਹੀਂ ਜਾਣ ਦਿੰਦੇ | ਇਲਾਕਾ ਵਾਸੀਆਂ ਨੇ ਥਾਣਾ ਨੰਬਰ-7 ਦੇ ਐਸਐਚਓ ਅਤੇ ਪੁਲਿਸ ਕਮਿਸਨਰ ਤੋਂ ਮੰਗ ਕੀਤੀ ਕਿ ਦਿਨ ਦੇ ਸਮੇਂ ਵੀ ਪੀਸੀਆਰ ਤੇ ਦੋਪਹੀਆ ਵਾਹਨਾਂ ਵਾਲੀਆਂ ਪੁਲਿਸ ਟੀਮਾਂ ਦੀ ਗਸ਼ਤ ਕਰਵਾਈ ਜਾਵੇ, ਖਾਸ ਕਰਕੇ ਦੁਪਹਿਰ ਤੋਂ ਸ਼ਾਮ 7 ਵਜੇ ਤੱਕ | ਇਸ ਮੌਕੇ ਡਾ. ਰਾਜਿੰਦਰ ਪਾਲ ਸ਼ਰਮਾ, ਪਿ੍ੰਸ ਸ਼ਰਮਾ, ਸਮਾਜ ਸੇਵਕ ਸੰਜੀਵ ਦੇਵ ਸ਼ਰਮਾ ਅਤੇ ਹੋਰ ਇਲਾਕਾ ਵਾਸੀ ਮੌਜੂਦ ਸਨ |
ਲੁੱਟ ਦੇ ਮਾਮਲੇ 'ਚ ਮੁਲਜ਼ਮ ਗਿ੍ਫ਼ਤਾਰ, ਨੌਸਰਬਾਜ਼ ਵੀ ਜਲਦ ਆਉਣਗੇ ਅੜਿੱਕੇ-ਡੀ.ਸੀ.ਪੀ.
ਇਸ ਸੰਬੰਧੀ ਜਦੋਂ ਡੀਸੀਪੀ ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਮਹਾਨਗਰ 'ਚ ਲੁੁੱਟਾਂ-ਖੋਹਾਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤ ਰਹੀ ਹੈ | ਪਿਛਲੇ ਦਿਨੀਂ ਜਿਹੜੀਆਂ ਲੁੱਟਾਂ ਦੀਆਂ ਵਾਰਦਾਤਾਂ ਹੋਈਆਂ ਸਨ, ਉਨ੍ਹਾਂ ਮਾਮਲਿਆਂ 'ਚ ਸ਼ਾਮਿਲ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ | ਨੌਸਰਬਾਜ਼ਾਂ ਵਲੋਂ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਮਾਮਲੇ 'ਚ ਡੀਸੀਪੀ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ | ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਪੁਲਿਸ ਦੀ ਗਸ਼ਤ ਵੀ ਵਧਾਈ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਪਿੰਡ ਧਾਲੀਵਾਲ 'ਚ ਕਬਾੜ ਦੇ ਗੁਦਾਮਾਂ ਨੂੰ ਤੁਰੰਤ ਬੰਦ ਕਰਵਾਇਆ ਜਾਵੇ- ਚੌਧਰੀ ਸੁਰਿੰਦਰ ਸਿੰਘ ਅਗਲੀ ਖ਼ਬਰ ਪੰਜ ਪਿਆਰਿਆਂ ਵਲੋਂ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ <br/>
Ad Position 24