ਭਾਜਪਾ ਆਗੂਆਂ ਨੇ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੂੰ ਦਰਜ ਕਰਵਾਈ ਸ਼ਿਕਾਇਤ
ਅਜੀਤ ਡੈਸਕ
14-05-2026
ਜਲੰਧਰ, 13 ਮਈ (ਜਤਿੰਦਰ ਪੰਮੀ)-ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਵਾਰਡ-55 ਤੋਂ ਕੌਂਸਲਰ ਤਰਵਿੰਦਰ ਸੋਈ ਤੇ ਭਾਜਪਾ ਆਈਟੀ ਸੈੱਲ ਇੰਚਾਰਜ ਦੀਪਾਲੀ ਬਾਗੜੀਆ ਖ਼ਿਲਾਫ਼ ਮਾੜੀ ਭਾਸ਼ਾ ਬੋਲਣ ਤੇ ਲਿਖਣ ਵਾਲਿਆਂ ਵਿਰੁੱਧ ਕਾਨੂੰਨੀ ਕਰਵਾਈ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸਨਰ ਧੰਨਪ੍ਰੀਤ ਕੌਰ ਨਾਲ ਉਨ੍ਹਾਂ ਦੇ ਦਫ਼ਤਰ 'ਚ ਮੁਲਾਕਾਤ ਕੀਤੀ | ਮੁਲਾਕਾਤ ਕਰਨ ਵਾਲਿਆਂ 'ਚ ਭਾਜਪਾ ਦੇ ਨਗਰ ਨਿਗਮ 'ਚ ਵਿਰੋਧੀ ਧਿਰ ਭਾਜਪਾ ਦੇ ਆਗੂ ਮਨਜੀਤ ਸਿੰਘ ਟੀਟੂ, ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਭਾਜਪਾ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ ਅਤੇ ਮਹਾਮੰਤਰੀ ਰਾਜੇਸ਼ ਕਪੂਰ ਤੇ ਹੋਰ ਆਗੂ ਸ਼ਾਮਲ ਸਨ, ਜੋ ਵਿਸ਼ਾਲ ਸਭਰਵਾਲ, ਨਵਦੀਪ ਜਰੇਵਾਲ, ਹਰਪ੍ਰੀਤ ਸਿੰਘ, ਸਬਨੀ ਸਿੰਘ ਆਦਿ ਖ਼ਿਲਾਫ ਕੇਸ ਕਰਨ ਲਈ ਸ਼ਿਕਾਇਤ ਦਰਜ ਕਰਵਾਉਣ ਪੁੱਜੇ ਸਨ | ਇਸ ਮੌਕੇ ਤਰਵਿੰਦਰ ਸੋਈ ਤੇ ਦੀਪਾਲੀ ਬਾਗੜੀਆ ਨੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਤੇ ਅਪਸ਼ਬਦ ਬੋਲਣ ਵਾਲੀ ਵੀਡੀਓ ਦੀ ਰਿਕਾਰਡਿੰਗ ਸਮੇਤ ਸਬੂਤ ਪੇਸ਼ ਕੀਤੇ | ਪੁਲਿਸ ਕਮਿਸ਼ਨਰ ਨੇ ਸਾਰੇ ਭਾਜਪਾ ਆਗੂਆਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਜਲਦੀ ਹੀ ਦੋਸ਼ੀਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਦੌਰਾਨ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਕੁਝ ਸ਼ਰਾਰਤੀ ਨੇਤਾਵਾਂ ਦੇ ਸਹਿਯੋਗ ਨਾਲ ਕੁਝ ਸ਼ਰਾਰਤੀ ਲੋਕ ਸਰੀਫ ਨੇਤਾਵਾਂ ਤੇ ਲੋਕਾਂ ਨੂੰ ਤੰਗ ਕਰਕੇ ਉਨ੍ਹਾਂ ਦਾ ਅਕਸ ਖਰਾਬ ਕਰਨ ਅਤੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਸ਼ੀਤਲ ਅੰਗੁਰਾਲ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਰਾਜਨੀਤਿਕ ਜਾਂ ਸਮਾਜਿਕ ਵਿਅਕਤੀ ਖ਼ਿਲਾਫ ਸੋਸ਼ਲ ਮੀਡੀਆ 'ਤੇ ਮਾੜੀ ਭਾਸ਼ਾ ਨਹੀਂ ਵਰਤਣੀ ਚਾਹੀਦੀ | ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ | ਇਸ ਮੌਕੇ ਭਾਜਪਾ ਦੇ ਉਪ ਪ੍ਰਧਾਨ ਦਰਸ਼ਨ ਲਾਲ ਭਗਤ, ਆਫਿਸ ਕੋ-ਇੰਚਾਰਜ ਯੋਗੇਸ਼ ਮਲਹੋਤਰਾ, ਕੌਂਸਲਰ ਕੰਵਰ ਸਰਤਾਜ ਸਿੰਘ, ਕੌਂਸਲਰ ਅਜੈ ਬੱਬਲ, ਅਸ਼ਵਨੀ ਢੰਡ, ਕਿ੍ਸ਼ਨ ਮਹੀਣੀਆ, ਮੰਡਲ ਪ੍ਰਧਾਨ ਮਨੀਸ਼ ਬੱਲ ਤੇ ਹੋਰ ਹਾਜ਼ਰ ਸਨ |