ਜਲੰਧਰ, 15 ਮਈ (ਸ਼ਿਵ)-ਮੇਅਰ ਵਨੀਤ ਧੀਰ ਨੇ ਸ਼ਹਿਰ ਵਿਚ ਲੱਗੀਆਂ ਸਾਰੀਆਂ ਰੇਹੜੀਆਂ ਤੋਂ ਫ਼ੀਸ ਵਸੂਲੀ ਦਾ ਕੰਮ ਸਿਰੇ ਚਾੜ੍ਹਨ ਲਈ ਨਿੱਜੀ ਕੰਪਨੀ ਨੂੰ ਕੰਮ ਦੇਣ ਦੀ ਤਿਆਰੀ ਕਰ ਲਈ ਹੈ | ਜਿਸ ਕੰਪਨੀ ਨੂੰ ਸ਼ਹਿਰ ਵਿਚ ਬਕਾਇਆ ਰਹਿ ਗਈਆਂ ਰੇਹੜੀਆਂ ਦੇ ਕਿਊ ਆਰ ਕੋਡ ਵਾਲੀਆਂ ਨੰਬਰ ਪਲੇਟਾਂ ਲਗਾਉਣ ਦਾ ਕੰਮ ਦਿੱਤਾ ਜਾਵੇਗਾ ਸਗੋਂ ਉਨਾਂ ਨੂੰ ਨਾਲ ਹੀ ਸ਼ਹਿਰ ਵਿਚ ਰੇਹੜੀਆਂ ਦੀ ਗਿਣਤੀ ਦਾ ਕੰਮ ਵੀ ਦਿੱਤਾ ਗਿਆ ਹੈ | ਜਿਨਾਂ ਰੇਹੜੀਆਂ ਦੀਆਂ ਪਲੇਟਾਂ ਲਗਾਈਆਂ ਜਾਣਗੀਆਂ | ਕਰੀਬ 10 ਸਾਲ ਤੋਂ ਜ਼ਿਆਦਾ ਸਮਾਂ ਪਹਿਲਾਂ ਦਾਰਾ ਸ਼ਾਹ ਐਂਡ ਕੰਪਨੀ ਵਲੋਂ ਸ਼ਹਿਰ ਵਿਚ ਰੇਹੜੀਆਂ ਦੀ ਗਿਣਤੀ ਕੀਤੀ ਗਈ ਸੀ ਤਾਂ ਉਸ ਵੇਲੇ ਮਕਸੂਦਾਂ ਮੰਡੀ ਦੇ ਬਾਹਰ ਲੱਗਦੀਆਂ ਰੇਹੜੀਆਂ ਸਮੇਤ ਕਰੀਬ 12 ਹਜ਼ਾਰ ਰੇਹੜੀਆਂ ਦੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ | ਉਂਜ ਐਨੇ ਸਾਲਾਂ ਵਿਚ ਰੇਹੜੀਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ | ਨਗਰ ਨਿਗਮ ਨੇ ਪਲੇਟਾਂ ਲਗਾਉਣ ਦੇ ਕੰਮ ਲਈ 42.4 ਲੱਖ ਰੁਪਏ ਦਾ ਟੈਂਡਰ ਲਗਾਇਆ ਹੈ | 25 ਮਈ ਤੱਕ ਇਸ ਕੰਮ ਲਈ ਕੰਪਨੀਆਂ ਤੋਂ ਟੈਂਡਰ ਮੰਗੇ ਗਏ ਹਨ | 26 ਮਈ ਨੂੰ ਤਕਨੀਕੀ ਟੈਂਡਰ ਖੋਲੇ ਜਾਣਗੇ ਤੇ ਇਸ ਤੋਂ ਬਾਅਦ ਹੀ ਯੋਗ ਕੰਪਨੀ ਨੂੰ ਕੰਮ ਅਲਾਟ ਕੀਤਾ ਜਾਵੇਗਾ | ਕੰਪਨੀ ਵਲੋਂ ਸਰਵੇਖਣ ਕਰਨ ਤੋਂ ਇਲਾਵਾ ਜਿਨਾਂ ਰੇਹੜੀਆਂ ਦੇ ਨੰਬਰ ਪਲੇਟਾਂ ਲਗਾਈਆਂ ਜਾਣਗੀਆਂ | ਉਨਾਂ ਤੋਂ ਪਹਿਲੀ ਫ਼ੀਸ ਵਸੂਲ ਕੇ ਕੰਪਨੀ ਨਿਗਮ ਨੂੰ ਅਦਾਇਗੀ ਕਰੇਗੀ | ਇਸ ਨਾਲ ਨਿਗਮ ਕੋਲ ਸਾਰਾ ਆਨਲਾਈਨ ਰਿਕਾਰਡ ਮੌਜੂਦ ਰਹੇਗਾ ਜਿਸ ਤੋਂ ਆਉਣ ਵਾਲੇ ਸਮੇਂ ਵਿਚ ਰੇਹੜੀਆਂ ਵਾਲਿਆਂ ਤੋਂ ਫ਼ੀਸ ਵਸੂਲੀ ਕਰਨੀ ਆਸਾਨ ਰਹੇਗੀ | ਸ਼ਹਿਰ ਵਿਚ ਇਸ ਵੇਲੇ 20 ਹਜ਼ਾਰ ਤੋਂ ਜ਼ਿਆਦਾ ਰੇਹੜੀਆਂ, ਫੜੀਆਂ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਮੇਅਰ ਵਨੀਤ ਧੀਰ ਪਹਿਲਾਂ ਹੀ ਇਸ ਬਾਰੇ ਸੰਭਾਵਨਾ ਜ਼ਾਹਿਰ ਕਰ ਚੁੱਕੇ ਹਨ ਕਿ ਸਾਰੀਆਂ ਰੇਹੜੀਆਂ, ਫੜੀਆਂ ਤੋਂ ਸਾਲਾਨਾ 20 ਕਰੋੜ ਦੇ ਕਰੀਬ ਫ਼ੀਸ ਆਉਣ ਦੀ ਸੰਭਾਵਨਾ ਹੈ |