10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪਿਛਲੇ ਸਾਲ ਜ਼ਿਲ੍ਹੇ 'ਚ ਆਏ ਸਨ ਡੇਂਗੂ ਦੇ 122 ਕੇਸ, ਨਿਗਮ ਨੇ ਨਹੀਂ ਕੱਟਿਆ ਕੋਈ ਚਾਲਾਨ <br/>

Ad Position 21
No active advertisement
ਅਜੀਤ ਡੈਸਕ 16-05-2026
ਜਲੰਧਰ, 15 ਮਈ (ਜਤਿੰਦਰ ਪੰਮੀ)-ਬੇਸ਼ੱਕ ਗਰਮੀ ਆਪਣੇ ਸਿਖਰ 'ਤੇ ਪੁੱਜ ਚੁੱਕੀ ਹੈ ਤੇ ਪਾਰਾ 42 ਡਿਗਰੀ ਤੱਕ ਪੁੱਜ ਚੁੱਕਾ ਹੈ ਪਰ ਡੇਂਗੂ ਦਾ ਖਤਰਾ ਹਾਲੇ ਵੀ ਬਰਕਰਾਰ ਹੈ | ਘਰਾਂ ਅੰਦਰ ਏਸੀ ਵਾਲੇ ਕਮਰੇ, ਹਨੇਰੀਆਂ ਥਾਵਾਂ, ਫਿ੍ਜ ਦੀ ਪਿਛਲੀ ਟ੍ਰੇਅ, ਗਮਲੇ ਅਤੇ ਕੂਲਰਾਂ ਵਿੱਚ ਡੇਂਗੂ ਪੈਦਾ ਕਰਨ ਵਾਲੇ ਮੱਛਰ ਪਨਪਣ ਲਈ ਅਨੁਕੂਲ ਤਾਪਮਾਨ ਮਿਲ ਰਿਹਾ ਹੈ | ਡੇਂਗੂ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ 'ਹਰ ਸ਼ੁੱਕਰਵਾਰ-ਡੇਂਗੂ 'ਤੇ ਵਾਰ' ਤਹਿਤ ਘਰ-ਘਰ ਜਾ ਕੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ | ਦੂਜੇ ਪਾਸੇ ਫੋਗਿੰਗ ਲਈ ਨਾ ਤਾਂ ਡੀਜ਼ਲ ਮੁਹੱਈਆ ਹੋ ਰਿਹਾ ਹੈ ਤੇ ਨਾ ਹੀ ਸਟਾਫ ਵੀ ਪੂਰਾ ਹੈ | ਫੀਲਡ ਵਰਕਰਾਂ ਤੇ ਬ੍ਰੀਡਿੰਗ ਚੈਕਰਾਂ ਦੇ ਕਈ ਅਹੁਦੇ ਖਾਲੀ ਪਏ ਹਨ | ਵਿਭਾਗ ਅਨੁਸਾਰ ਮਲਟੀਪਰਪਜ਼ ਹੈਲਥ ਵਰਕਰਾਂ ਦੇ 25 'ਚੋਂ 16, ਫੀਲਡ ਵਰਕਰਾਂ ਦੇ 75 'ਚੋਂ 63, ਸੈਨੇਟਰੀ ਇੰਸਪੈਕਟਰਾਂ ਦੇ 4 'ਚੋਂ 1 ਅਤੇ ਬ੍ਰੀਡਿੰਗ ਚੈਕਰਾਂ ਦੇ 4 'ਚੋਂ 2 ਅਹੁਦੇ ਖਾਲੀ ਹਨ | ਮੌਜੂਦਾ ਸਟਾਫ 'ਤੇ ਕੰਮ ਦਾ ਬੋਝ ਇੰਨਾ ਵੱਧ ਗਿਆ ਹੈ ਕਿ ਹਰ ਪਿੰਡ ਤੇ ਵਾਰਡ ਤੱਕ ਸਮੇਂ ਸਿਰ ਪਹੁੰਚਣਾ ਮੁਸ਼ਕਲ ਹੋ ਰਿਹਾ ਹੈ | ਆਸ਼ਾ ਵਰਕਰਾਂ ਤੇ ਏਐਨਐਮ ਦੇ ਸਹਾਰੇ ਸਲਾਈਡ ਬਣਾਉਣ ਦਾ ਕੰਮ ਤਾਂ ਚੱਲ ਰਿਹਾ ਹੈ ਪਰ ਲਾਰਵੇ ਸਰੋਤ ਖਤਮ ਕਰਨ ਦੀ ਮੁਹਿੰਮ ਢਿੱਲੀ ਪੈ ਗਈ ਹੈ | ਪਿਛਲੇ ਸਾਲ ਡੇਂਗੂ ਦੇ 122 ਤੇ ਚਿਕਨਗੁਨੀਆ ਦੇ 4 ਮਾਮਲੇ ਸਾਹਮਣੇ ਆਏ ਸਨ, ਜਦਕਿ ਇਸ ਸਾਲ ਹੁਣ ਤੱਕ ਡੇਂਗੂ ਦੇ 6 ਅਤੇ ਚਿਕਨਗੁਣੀਆ ਦੇ 2 ਮਾਮਲੇ ਸਾਹਮਣੇ ਆ ਚੁੱਕੇ ਹਨ | ਇਸ ਸੰਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਅਦਿੱਤਿਆ ਪਾਲ ਸਿੰਘ ਨੇ ਦੱਸਿਆ ਕਿ ਬੇਸ਼ੱਕ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਪਰ ਘਰਾਂ ਦੇ ਅੰਦਰ ਕੂਲਰਾਂ, ਗਮਲਿਆਂ ਵਿੱਚ ਖੜ੍ਹਾ ਪਾਣੀ ਅਤੇ ਪਾਣੀ ਵਾਲੇ ਸ਼ੋਅਪੀਸ ਡੇਂਗੂ ਮੱਛਰਾਂ ਲਈ ਅਨੁਕੂਲ ਮਾਹੌਲ ਪੈਦਾ ਕਰ ਰਹੇ ਹਨ | ਇਸ ਸੀਜ਼ਨ ਵਿੱਚ ਡੇਂਗੂ ਨੇ ਮਾਰਚ ਮਹੀਨੇ ਦੌਰਾਨ ਹੀ ਦਸਤਕ ਦੇ ਦਿੱਤੀ ਸੀ | ਗਮਲਿਆਂ ਤੇ ਸੋਅਪੀਸਾਂ 'ਚ ਪਾਣੀ ਭਰਿਆ ਰਹਿਣ ਕਾਰਨ ਅਤੇ ਬਾਹਰ ਦੇ ਮੁਕਾਬਲੇ ਘੱਟ ਤਾਪਮਾਨ ਹੋਣ ਕਰਕੇ ਡੇਂਗੂ ਪੈਦਾ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕਾਂ ਨੇ ਪਿਛਲੇ ਸਾਲ ਬੰਦ ਪਏ ਕੂਲਰਾਂ ਵਿੱਚ ਪਾਣੀ ਭਰ ਕੇ ਚਲਾਉਣਾ ਸ਼ੁਰੂ ਕਰ ਦਿੱਤਾ ਹੈ | ਇਨ੍ਹਾਂ ਵਿੱਚ ਪਹਿਲਾਂ ਤੋਂ ਮੌਜੂਦ ਡੇਂਗੂ ਦੇ ਅੰਡਿਆਂ ਤੋਂ ਲਾਰਵਾ ਪੈਦਾ ਹੋ ਕੇ ਮੱਛਰ ਬਣ ਰਹੇ ਹਨ | ਡੇਂਗੂ ਦੇ ਅੰਡੇ ਇੱਕ ਸਾਲ ਤੱਕ ਜੀਵਿਤ ਰਹਿ ਸਕਦੇ ਹਨ ਅਤੇ ਪਾਣੀ ਤੇ ਅਨੁਕੂਲ ਤਾਪਮਾਨ ਮਿਲਦੇ ਹੀ ਸਰਗਰਮ ਹੋ ਜਾਂਦੇ ਹਨ |
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕੀਤੀ ਡੇਂਗੂ ਤੋਂ ਬਚਾਅ ਲਈ ਅਪੀਲ
ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਡੇਂਗੂ ਦਾ ਫੈਲਾਅ ਰੋਕਣ ਲਈ ਲੋਕਾਂ ਨੂੰ ਜ਼ਰੂਰੀ ਤੇ ਢੁੱਕਵੇਂ ਕਦਮ ਚੁੱਕਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਸਾਲ 16 ਮਈ ਨੂੰ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਜਾਂਦਾ ਹੈ | ਇਸ ਦਿਨ ਦਾ ਮੁੱਖ ਮਕਸਦ ਡੇਂਗੂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ | ਡਾ. ਗਰਗ ਨੇ ਦੱਸਿਆ ਕਿ ਡੇਂਗੂ ਬੁਖਾਰ ਐਡੀਜ ਏਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ | ਇਹ ਮੱਛਰ ਸਾਫ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਦਿਨ ਦੇ ਸਮੇਂ ਕੱਟਦਾ ਹੈ | ਡੇਂਗੂ ਦੇ ਆਮ ਲੱਛਣਾਂ ਵਿੱਚ ਤੇਜ਼ ਬੁਖਾਰ, ਸਰੀਰ ਦਰਦ, ਪੇਟ ਦਰਦ, ਉਲਟੀਆਂ, ਮਸੂੜਿਆਂ ਵਿੱਚੋਂ ਖੂਨ ਆਉਣਾ ਅਤੇ ਅੱਖਾਂ ਦੇ ਪਿੱਛੇ ਦਰਦ ਸਾਮਲ ਹਨ | ਅਜੇਹੇ ਲੱਛਣ ਨਜਰ ਆਉਣ 'ਤੇ ਤੁਰੰਤ ਨੇੜਲੀ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਜਾਂਚ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਦੀ ਜਾਂਚ ਅਤੇ ਇਲਾਜ ਮੁਫਤ ਹੈ | ਸਿਵਲ ਸਰਜਨ ਨੇ ਲੋਕਾਂ ਨੂੰ ਸਿਹਤ ਵਿਭਾਗ ਦੀ ਐਂਟੀ-ਡੇਂਗੂ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਸਾਫ ਖੜ੍ਹੇ ਪਾਣੀ ਅਤੇ ਮੱਛਰਾਂ ਦੀ ਵੱਧ ਰਹੀ ਪੈਦਾਵਾਰ ਕਾਰਨ ਡੇਂਗੂ ਦੇ ਕੇਸ ਵਧਦੇ ਹਨ | ਬਚਾਅ ਲਈ ਸਰੀਰ ਨੂੰ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਹਿਨੇ ਜਾਣ, ਰਾਤ ਨੂੰ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀ ਕ੍ਰੀਮ ਦੀ ਵਰਤੋਂ ਕੀਤੀ ਜਾਵੇ | ਜਾਲੀਦਾਰ ਦਰਵਾਜੇ ਅਤੇ ਖਿੜਕੀਆਂ ਲਗਵਾਈਆਂ ਜਾਣ | ਕੂਲਰ ਦਾ ਪਾਣੀ ਹਫਤੇ ਵਿੱਚ ਇੱਕ ਵਾਰ ਜਰੂਰ ਬਦਲਿਆ ਜਾਵੇ, ਫਿ੍ਜ ਦੀ ਟਰੇ ਸਾਫ ਰੱਖੀ ਜਾਵੇ ਅਤੇ ਪਾਣੀ ਵਾਲੀਆਂ ਟੈਂਕੀਆਂ ਨੂੰ ਢੱਕ ਕੇ ਰੱਖਿਆ ਜਾਵੇ | ਗਮਲਿਆਂ, ਟਾਇਰਾਂ ਅਤੇ ਟੁੱਟੇ-ਫੁੱਟੇ ਬਰਤਨਾਂ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਸ਼ੋਭਨਾ ਬਾਂਸਲ ਦੀ ਅਗਵਾਈ ਵਿੱਚ ਐਂਟੀ-ਲਾਰਵਾ ਟੀਮਾਂ ਪੂਰੇ ਜ਼ਿਲ੍ਹੇ ਵਿੱਚ ਐਂਟੀ-ਡੇਂਗੂ ਮੁਹਿੰਮ ਚਲਾ ਰਹੀਆਂ ਹਨ | ਐਮਪੀਐਚਡਬਲਯੂ, ਬ੍ਰੀਡਿੰਗ ਚੈਕਰ ਅਤੇ ਆਸਾ ਵਰਕਰ ਘਰ-ਘਰ ਜਾ ਕੇ ਜਾਂਚ ਕਰ ਰਹੇ ਹਨ ਅਤੇ ਮੌਕੇ 'ਤੇ ਹੀ ਲਾਰਵਾ ਨਸਟ ਕਰ ਰਹੇ ਹਨ | ਫਿ੍ਜ, ਕੂਲਰ, ਗਮਲੇ ਅਤੇ ਟਾਇਰਾਂ ਦੀ ਜਾਂਚ ਦੇ ਨਾਲ ਲੋਕਾਂ ਨੂੰ ਡੇਂਗੂ, ਚਿਕਨਗੁਨਿਆ ਅਤੇ ਪੀਲੇ ਬੁਖਾਰ ਤੋਂ ਬਚਾਅ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਨੂੰ ਆਮਦਨ ਦਾ ਸਾਧਨ ਬਣਾਇਆ-ਡਾ. ਜਸਲੀਨ ਸੇਠੀ ਅਗਲੀ ਖ਼ਬਰ ਨੰਬਰ ਪਲੇਟਾਂ ਲਗਾਉਣ ਦੇ ਨਾਲ ਰੇਹੜੀਆਂ ਦੀ ਗਿਣਤੀ ਵੀ ਕਰੇਗੀ ਕੰਪਨੀ <br/>
Ad Position 24