ਜਲੰਧਰ, 15 ਮਈ (ਜਸਪਾਲ ਸਿੰਘ)-ਕੰਟੋਨਮੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜਲੰਧਰ ਛਾਉਣੀ ਦੇ ਬਾਰ੍ਹਵੀਂ ਕਲਾਸ ਦੇ ਸਾਇੰਸ ਦੇ ਸਾਰੇ ਵਿਦਿਆਰਥੀ ਫਸਟ ਡਿਵੀਜ਼ਨ ਵਿੱਚ ਪਾਸ ਹੋਏ | ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਇਨ੍ਹਾਂ ਵਿਦਿਆਰਥੀਆਂ ਦਾ ਪਾਸ ਪ੍ਰਤੀਸ਼ਤ 100 ਫੀਸਦੀ ਰਿਹਾ | ਬਾਰ੍ਹਵੀਂ ਜਮਾਤ ਵਿੱਚ ਕੁਮਾਰੀ ਸੰਜਨਾ ਨੇ ਪਹਿਲਾ ਸਥਾਨ ਅਤੇ ਕੁਮਾਰੀ ਸ਼ਬਨਮ ਭਾਰਤੀ ਨੇ ਦੂਜਾ ਸਥਾਨ ਹਾਸਿਲ ਕੀਤਾ | ਪਿ੍ੰਸੀਪਲ ਰਾਜੀਵ ਸੇਖੜੀ ਨੇ ਇਸ ਪ੍ਰਾਪਤੀ ਨੂੰ ਬੱਚਿਆਂ ਦੀ ਸਖ਼ਤ ਮਿਹਨਤ ਦਾ ਨਤੀਜਾ ਦੱਸਦਿਆਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਉਨ੍ਹਾਂ ਅਧਿਆਪਕਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਨੂੰ ਇਹ ਮਾਣ ਉਨ੍ਹਾਂ ਦੇ ਯੋਗਦਾਨ ਦੀ ਬਦੌਲਤ ਹੀ ਸੰਭਵ ਹੋਇਆ ਹੈ | ਇਸ ਮੌਕੇ ਕੈਂਟ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸ੍ਰੀ ਓਮ ਪਾਲ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੇ ਪਿ੍ੰਸੀਪਲ, ਸਟਾਫ਼ ਅਤੇ ਖਾਸ ਕਰਕੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ |