ਜਲੰਧਰ, 19 ਮਈ (ਸ਼ਿਵ)- ਸਟਰੀਟ ਲਾਈਟਾਂ ਲਗਾਉਣ ਤੋਂ ਇਲਾਵਾ ਫੋਲੜੀਵਾਲ ਸੀਵਰੇਜ ਟਰੀਟਮੈਂਟ ਪਲਾਂਟ 'ਤੇ ਲਗਾਏ ਗਏ ਕੈਮਰਿਆਂ ਬਾਰੇ ਸਥਾਨਕ ਸਰਕਾਰਾਂ ਵਲੋਂ ਸਮਾਜ ਸੇਵੀ ਰਾਜਨ ਸ਼ਾਰਦਾ ਵਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਵੀ ਸਥਾਨਕ ਸਰਕਾਰਾਂ ਵਿਭਾਗ ਦੇ ਮੁੱਖ ਚੌਕਸੀ ਅਫ਼ਸਰ ਵਲੋਂ ਰਿਕਾਰਡ ਨਾ ਦੇਣ ਵਾਲੇ ਅਫ਼ਸਰਾਂ ਦੇ ਨਾਂਅ ਮੰਗੇ ਗਏ ਸਨ | ਉਸ ਮਾਮਲੇ ਵਿਚ ਨਿਗਮ ਦੇ ਸੰਯੁਕਤ ਕਮਿਸ਼ਨਰ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਮੁੱਖ ਚੌਕਸੀ ਅਫ਼ਸਰ ਨੂੰ ਰਿਕਾਰਡ ਨਾ ਦੇਣ ਦੇ ਮਾਮਲੇ ਵਿਚ ਨਿਗਮ ਨਿਗਰਾਨ ਇੰਜੀ. ਜਸਪਾਲ ਸਿੰਘ ਸਮੇਤ ਹੋਰ ਅਫ਼ਸਰਾਂ ਦੇ ਨਾਂਅ ਭੇਜ ਦਿੱਤੇ ਹਨ | ਮੁੱਖ ਚੌਕਸੀ ਅਫ਼ਸਰ ਨੂੰ ਨਾਵਾਂ ਸਮੇਤ ਭੇਜੀ ਗਈ ਚਿੱਠੀ ਵਿਚ ਕਿਹਾ ਗਿਆ ਹੈ ਕਿ ਸਮਾਜ ਸੇਵੀ ਰਾਜਨ ਸ਼ਾਰਦਾ ਵਲੋਂ ਸ਼ਿਕਾਇਤ ਕਰਕੇ ਰਿਕਾਰਡ ਨਾ ਦੇਣ ਦੀ ਸ਼ਿਕਾਇਤ ਕੀਤੀ ਗਈ ਸੀ | ਉਸ ਸ਼ਿਕਾਇਤ ਵਿਚ ਸਟਰੀਟ ਲਾਈਟ ਦੇ ਕੰਮ ਦੀ ਸ਼ਿਕਾਇਤ ਵਿਚ ਦਸਤਾਵੇਜ਼ਾਂ, ਰਿਕਾਰਡ ਮੁਹੱਈਆ ਕਰਵਾਉਣ ਅਤੇ ਇਸ ਦੇ ਨਾਲ ਮਾਪ ਪੁਸਤਕ ਅਤੇ ਬਿੱਲ ਵਾਊਚਰ ਦੀਆਂ ਕਾਪੀਆਂ ਦੇ ਰਿਕਾਰਡ ਦੀ ਮੰਗ ਕੀਤੀ ਗਈ ਸੀ | ਐੱਸ.ਟੀ. ਪੀ. ਪਲਾਂਟ ਉੱਪਰ ਸੀ. ਸੀ. ਟੀ. ਵੀ. ਲੱਗੇ ਕੈਮਰੇ ਬਾਰੇ ਰਿਕਾਰਡ ਦੀ ਮੰਗ ਕੀਤੀ ਗਈ | ਉਕਤ ਸ਼ਿਕਾਇਤਾਂ ਦੇ ਮਾਮਲੇ ਵਿਚ ਰਿਕਾਰਡ ਨਾ ਦੇਣ ਦੀ ਸੂਰਤ ਵਿਚ ਜਿਨਾਂ ਅਫ਼ਸਰਾਂ ਦੇ ਨਾਵਾਂ ਦੀ ਮੰਗ ਕੀਤੀ ਗਈ ਸੀ, ਉਨਾਂ ਵਿਚ ਨਿਗਰਾਨ ਇੰਜੀ. ਜਸਪਾਲ ਅਤੇ ਇਸ ਤੋਂ ਇਲਾਵਾ ਹੋਰ ਅਫ਼ਸਰਾਂ ਦੇ ਨਾਂਅ ਭੇਜੇ ਗਏ ਹਨ | ਸੰਯੁਕਤ ਕਮਿਸ਼ਨਰ ਨੇ ਹੋਰ ਜਿਨਾਂ ਅਫ਼ਸਰਾਂ ਦੇ ਨਾਂਅ ਭੇਜੇ ਹਨ | ਉਨਾਂ ਵਿਚ ਐਕਸੀਅਨ ਅਤੇ ਐੱਸ. ਡੀ. ਓ. ਦੇ ਨਾਂਅ ਸ਼ਾਮਿਲ ਹਨ | ਚੇਤੇ ਰਹੇ ਕਿ ਜਦੋਂ ਮੁੱਖ ਚੌਕਸੀ ਅਫ਼ਸਰ ਜਲੰਧਰ ਵਿਚ ਨਾਜਾਇਜ ਉਸਾਰੀਆਂ ਬਾਰੇ ਜਾਂਚ ਕਰਨ ਲਈ ਆਏ ਸਨ ਤਾਂ ਉਨਾਂ ਨੂੰ ਨਿਗਮ ਦਫਤਰ ਵਿਚ ਸਮਾਜ ਸੇਵੀ ਰਾਜਨ ਸ਼ਾਰਦਾ ਨੇ ਮਿਲ ਕੇ ਸਟਰੀਟ ਲਾਈਟਾਂ ਅਤੇ ਕੈਮਰੇ ਲਗਾਉਣ ਬਾਰੇ ਬੇਨਿਯਮੀਆਂ ਦੀ ਸ਼ਿਕਾਇਤ ਕੀਤੀ ਸੀ | ਬਾਰ-ਬਾਰ ਮੰਗਣ 'ਤੇ ਵੀ ਇਸ ਮਾਮਲੇ ਵਿਚ ਰਿਕਾਰਡ ਨਹੀਂ ਦਿੱਤਾ ਗਿਆ ਤਾਂ ਮੁੱਖ ਚੌਕਸੀ ਅਫ਼ਸਰ ਵਲੋਂ ਨਿਗਮ ਕੋਲੋਂ ਸਬੰਧਿਤ ਅਫ਼ਸਰਾਂ ਦੇ ਨਾਂਅ ਮੰਗੇ ਗਏ ਸਨ |