ਚੁਗਿੱਟੀ/ਜੰਡੂਸਿੰਘਾ, 20 ਮਈ (ਨਰਿੰਦਰ ਲਾਗੂ)-ਕੇਂਦਰ ਸਰਕਾਰ ਵਲੋਂ ਆਏ ਦਿਨ ਪੈਟਰੋਲ, ਡੀਜ਼ਲ ਤੇ ਗੈਸ ਦੀਆਂ ਕੀਮਤਾਂ 'ਚ ਵਾਧਾ ਕਰਕੇ ਦੇਸ਼ ਦੀ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਜਿਸ ਨੂੰ ਲੈ ਕੇ ਹਰ ਵਰਗ ਦੇ ਲੋਕਾਂ ਦੇ ਮਨਾਂ 'ਚ ਭਾਜਪਾ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਹ ਪ੍ਰਗਟਾਵਾ ਅੱਜ ਗੱਲਬਾਤ ਕਰਦੇ ਹੋਏ ਐਂਟੀ ਕ੍ਰਾਈਮ ਐਂਟੀ ਕਰੱਪਸ਼ਨ ਐਸੋਸੀਏਸ਼ਨ ਨੀਤੀ ਆਯੋਗ ਦੇ ਰਾਸ਼ਟਰੀ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਉਕਤ ਵਸਤਾਂ ਦੇ ਭਾਅ ਵਧਣ ਕਾਰਨ ਰੋਜ਼ਾਨਾ ਵਰਤੋਂ ਜਾਣ ਵਾਲੀਆਂ ਘਰੇਲੂ ਵਸਤੂਆਂ ਦੀਆਂ ਕੀਮਤਾਂ 'ਚ ਵੀ ਵਾਧਾ ਹੋ ਰਿਹਾ ਹੈ, ਜਿਸ ਕਾਰਨ ਲੋਕਾਂ ਦੇ ਬਜ਼ਟ ਹਿੱਲ ਗਏ | ਕੈਰੋਂ ਨੇ ਸਮੇਂ ਦੀਆਂ ਸਰਕਾਰਾਂ ਪ੍ਰਤੀ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਹਰੇਕ ਰਾਜਨੀਤਿਕ ਪਾਰਟੀ ਦੇ ਆਗੂਆਂ ਵਲੋਂ ਚੋਣਾਂ ਸਮੇਂ ਲੋਕਾਂ ਨੂੰ ਵੱਧ ਤੋਂ ਵੱਧ ਮੁਢਲੀਆਂ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਜਿਉਂ ਹੀ ਪਾਰਟੀ ਸੱਤਾ ਸੰਭਾਲਦੀ ਹੈ ਤਾਂ ਉਸ ਦੇ ਪ੍ਰਬੰਧਕ ਲਾਪ੍ਰਵਾਹੀ ਵਰਤਣ ਲੱਗਦੇ ਹਨ | ਉਨ੍ਹਾਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਲੋਕਾਂ ਦੀ ਇਸ ਪ੍ਰੇਸ਼ਾਨੀ ਦੇ ਹੱਲ ਲਈ ਗੰਭੀਰਤਾ ਵਰਤੀ ਜਾਣੀ ਚਾਹੀਦੀ ਹੈ | ਇਸ ਮੌਕੇ ਉਨ੍ਹਾਂ ਨਾਲ ਦਲਜੀਤ ਸਿੰਘ ਅਰੋੜਾ, ਨਵਦੀਪ ਸਿੰਘ ਕਾਲਾ ਆਦਿ ਹਾਜ਼ਰ ਸਨ |