05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਜ਼ਿਲ੍ਹੇ ਦੀਆਂ 5 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਲਈ ਭਖਿਆ ਚੋਣ ਮੈਦਾਨ • ਕੁੱਲ 99 ਵਾਰਡਾਂ ਲਈ ਵੱਖ-ਵੱਖ ਪਾਰਟੀਆਂ ਤੇ ਆਜ਼ਾਦ 341 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ • ਚੋਣ ਲੜਨ ਵਾਲਿਆਂ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਧ ਉਮੀਦਵਾਰ ਸ਼ਾਮਿਲ

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਜਲੰਧਰ, 21 ਮਈ (ਜਤਿੰਦਰ ਪੰਮੀ)-ਜ਼ਿਲ੍ਹੇ ਦੀਆਂ 5 ਨਗਰ ਕੌਂਸਲਾਂ ਤੇ 2 ਨਗਰ ਪੰਚਾਇਤਾਂ ਲਈ 26 ਮਈ ਨੂੰ ਪੈਣ ਜਾ ਰਹੀਆਂ ਵੋਟਾਂ ਵਾਸਤੇ ਚੋਣ ਮੈਦਾਨ 'ਚ ਵੱਖ-ਵੱਖ ਪਾਰਟੀਆਂ ਤੇ ਆਜ਼ਾਦ ਤੌਰ 'ਤੇ ਚੋਣ ਲੜ ਰਹੇ 341 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਇਨ੍ਹਾਂ 'ਚ ਆਮ ਆਦਮੀ ਪਾਰਟੀ ਦੇ 93, ਬਹੁਜਨ ਸਮਾਜ ਪਾਰਟੀ ਦੇ 6, ਭਾਰਤੀ ਜਨਤਾ ਪਾਰਟੀ ਦੇ 42, ਕਾਂਗਰਸ ਦੇ 66, ਸ਼੍ਰੋਮਣੀ ਅਕਾਲੀ ਦਲ ਦੇ 38 ਅਤੇ ਆਜ਼ਾਦ ਚੋਣ ਲੜ ਰਹੇ 96 ਉਮੀਦਵਾਰ ਸ਼ਾਮਲ ਹਨ | ਜੇਕਰ ਦੇਖਿਆ ਜਾਵੇ ਤਾਂ ਇਨ੍ਹਾਂ ਚੋਣਾਂ ਵਿਚ ਸਭ ਤੋਂ ਵੱਧ ਉਮੀਦਵਾਰ ਸੱਤਾਧਾਰੀ ਪਾਰਟੀ ਦੇ ਹੀ ਹਨ ਜਦੋਂਕਿ ਦੂਜੇ ਨੰਬਰ 'ਤੇ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ | ਦੱਸਣਯੋਗ ਹੈ ਕਿ ਪੰਜ ਨਗਰ ਕੌਂਸਲਾਂ 'ਚ ਆਦਮਪੁਰ, ਕਰਤਾਰਪੁਰ, ਨਕੋਦਰ, ਨੂਰਮਹਿਲ ਤੇ ਫਿਲੌਰ ਅਤੇ ਦੋ ਨਗਰ ਪੰਚਾਇਤਾਂ 'ਚ ਮਹਿਤਪੁਰ ਤੇ ਲੋਹੀਆਂ ਖਾਸ ਦੇ 99 ਵਾਰਡਾਂ ਲਈ ਚੋਣ ਲੜਨ ਵਾਲੇ ਉਮੀਦਵਾਰਾਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ ਅਤੇ ਮੈਦਾਨ ਭਖ ਗਿਆ ਹੈ | ਉਮੀਦਵਾਰਾਂ ਨੂੰ ਚੋਣ ਨਿਸ਼ਾਨ ਮਿਲਣ ਉਪਰੰਤ ਉਹ ਵੋਟਾਂ ਮੰਗਣ ਲਈ ਵੋਟਰਾਂ ਤਕ ਪਹੁੰਚ ਕਰਨ ਲੱਗੇ ਹਨ |
ਚੋਣ ਕਮਿਸ਼ਨ ਵਲੋਂ ਚੋਣ ਖਰਚਾ ਨਿਰਧਾਰਤ
ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਚੋਣਾਂ 'ਚ ਖੜ੍ਹੇ ਉਮੀਦਵਾਰਾਂ ਲਈ ਚੋਣ ਖਰਚਾ ਨਿਰਧਾਰਤ ਕੀਤਾ ਗਿਆ ਹੈ | ਐਡੀਸ਼ਨਲ ਵਧੀਕ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਦਿਵਿਆ ਪੀ. ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਨੇ ਨਗਰ ਕੌਂਸਲਾਂ ਨੂੰ ਤਿੰਨ ਵਰਗਾਂ 'ਚ ਵੰਡਿਆ ਹੋਇਆ ਹੈ | ਇਸ ਮੁਤਾਬਕ ਕਲਾਸ-1 ਦੀ ਨਗਰ ਕੌਂਸਲ ਦੇ ਉਮੀਦਵਾਰ 3,60,000 ਰੁਪਏ, ਕਲਾਸ-2 ਦੇ ਉਮੀਦਵਾਰ 2,30,000 ਰੁਪਏ ਅਤੇ ਕਲਾਸ-3 ਦੇ ਉਮੀਦਵਾਰ 2,00,000 ਰੁਪਏ ਤਕ ਖਰਚਾ ਕਰ ਸਕਦੇ ਹਨ ਜਦੋਂਕਿ ਨਗਰ ਪੰਚਾਇਤ ਚੋਣਾਂ ਲੜਨ ਵਾਲੇ ਉਮੀਦਵਾਰ 1,40,000 ਰੁਪਏ ਤਕ ਚੋਣ ਖਰਚਾ ਕਰ ਸਕਦੇ ਹਨ | ਉਮੀਦਵਾਰਾਂ ਦੋ ਚੋਣ ਖਰਚਿਆਂ 'ਤੇ ਨਜ਼ਰ ਰੱਖਣ ਲਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ | ਉਮੀਦਵਾਰਾਂ ਨੂੰ ਆਪਣੇ ਚੋਣ ਖਰਚਿਆਂ ਦਾ ਰਜਿਸਟਰ ਬਣਾਉਣ ਲਈ ਕਿਹਾ ਗਿਆ ਹੈ, ਜਿਸ ਦੀ ਚੋਣ ਕਮਿਸ਼ਨ ਦੇ ਖਰਚਾ ਨਿਗਰਾਨ ਵਲੋਂ ਬਾਕਾਇਕ ਸਮੇਂ-ਸਮੇਂ ਸਿਰ ਜਾਂਚ ਕੀਤੀ ਜਾ ਰਹੀ ਹੈ | ਚੋਣ ਖਰਚੇ ਦਾ ਹਿਸਾਬ ਨਾ ਰੱਖਣ ਵਾਲੇ ਉਮੀਦਵਾਰਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 171-1 ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ |
ਕਾਂਗਰਸ ਪਹਿਲਾਂ ਹੀ ਹਾਰ ਮੰਨ ਚੁੱਕੀ, ਸਾਰੇ ਦੋਸ਼ ਝੂਠੇ-ਟੀਨੂੰ
ਓਧਰ ਕਾਂਗਰਸੀਆਂ ਆਗੂਆਂ ਵਲੋਂ ਲਾਏ ਗਏ ਦੋਸ਼ਾਂ ਦੇ ਜਵਾਬ 'ਚ ਆਮ ਆਦਮੀ ਪਾਰਟੀ ਦੇ ਆਦਮਪੁਰ ਹਲਕੇ ਦੇ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਕਾਂਗਰਸ ਨੂੰ ਆਪਣੀ ਹਾਰ ਪ੍ਰਤੱਖ ਨਜ਼ਰ ਆ ਰਹੀ ਹੈ ਤੇ ਕਾਂਗਰਸੀ ਆਗੂ ਪਹਿਲਾਂ ਹੀ ਹਾਰ ਮੰਨ ਚੁੱਕੇ ਹਨ | ਇਹੀ ਕਾਰਨ ਹੈ ਕਿ ਕਾਂਗਰਸ ਆਦਮਪੁਰ ਨਗਰ ਕੌਂਸਲ ਚੋਣਾਂ 'ਚ ਆਪਣੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣ ਨਹੀਂ ਲੜੀ ਰਹੀ | ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੇ ਜਾਅਲੀ ਵੋਟਾਂ ਬਣਵਾਉਣ ਦਾ ਕੰਮ ਹਮੇਸ਼ਾ ਕਾਂਗਰਸ ਨੇ ਹੀ ਕੀਤਾ | ਸਾਡੀ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵੀ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਕਰਵਾਈਆਂ ਸਨ ਅਤੇ ਇਹ ਚੋਣਾਂ ਵੀ ਪੂਰੀ ਨਿਰਪੱਖਤਾ ਤੇ ਪਾਰਦਰਸ਼ਤਾ ਨਾਲ ਕਰਵਾਈਆਂ ਜਾ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਈਬੋਲਾ ਵਾਇਰਸ ਕਾਰਨ ਭਾਰਤ-ਅਫਰੀਕਾ ਫੋਰਮ ਸੰਮੇਲਨ ਮੁਲਤਵੀ <br/> ਅਗਲੀ ਖ਼ਬਰ 'ਮੇਰੀ ਰਸੋਈ' ਯੋਜਨਾ ਨੂੰ ਲੈ ਕੇ ਸੌੜੀ ਰਾਜਨੀਤੀ ਕਰ ਰਹੇ 'ਆਪ' ਆਗੂ-ਰਜਿੰਦਰ ਬੇਰੀ
Ad Position 24