ਜਲੰਧਰ, 22 ਮਈ (ਜਤਿੰਦਰ ਪੰਮੀ)-ਜ਼ਿਲ੍ਹੇ ਭਰ ਦੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵਲੋਂ ਡੈਮੋਕਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਦੇ ਫੈਸਲੇ ਅਨੁਸਾਰ ਵਰਕਰਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਤੇ ਹੋਰ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਮਨਦੀਪ ਕੌਰ ਬਿਲਗਾ ਤੇ ਡੀਐਮਐਫ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਦੁਸਾਂਝ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਹਨਾਂ ਨੂੰ ਮਿਲਦੇ ਨਿਗੂਣੇ ਮਾਣ ਭੱਤੇ ਦੁੱਗਣੇ ਕੀਤੇ ਜਾਣਗੇ | ਇਸ ਦੇ ਨਾਲ ਹੀ ਵਰਕਰਾਂ ਦੀ ਤਨਖਾਹ ਵਿੱਚ ਹਰ ਸਾਲ ਬਣਦਾ ਵਾਧਾ ਕੀਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ ਪ੍ਰੰਤੂ ਚਾਰ ਸਾਲ ਬਾਅਦ ਵੀ ਵਰਕਰਾਂ ਦੀਆਂ ਤਨਖਾਹਾਂ ਵਿੱਚ ਇੱਕ ਟਕੇ ਦਾ ਵੀ ਵਾਧਾ ਨਹੀਂ ਕੀਤਾ ਗਿਆ ਬਲਕਿ ਇਸ ਦੇ ਉਲਟ ਕੇਵਲ ਝੂਠੇ ਲਾਰੇ ਲੱਪੇ ਲਗਾ ਕੇ ਵਰਕਰਾਂ ਦਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ, ਜਿਸ ਕਾਰਨ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਗੁਰਜੀਤ ਕੌਰ ਸ਼ਾਹਕੋਟ, ਅੰਮਿ੍ਤਪਾਲ ਕੌਰ ਨੁੱਸੀ, ਸੀਤਾ ਬੁਲੰਦਪੁਰ, ਆਸ਼ਾ ਗੁਪਤਾ ਤੇ ਸਰਬਜੀਤ ਕੌਰ ਪਾਸਲਾ ਨੇ ਕਿਹਾ ਕਿ ਪੰਜਾਬ ਭਰ ਦੀਆਂ ਵਰਕਰਾਂ ਪਿਛਲੇ ਤਿੰਨ ਮਹੀਨਿਆਂ ਤੋਂ ਬਿਨਾਂ ਤਨਖਾਹਾਂ ਦੇ ਹੀ ਭੁੱਖੇ ਪੇਟ ਕੰਮ ਕਰ ਰਹੀਆਂ ਹਨ ਪਰ ਸਰਕਾਰ ਤੇ ਸਿਹਤ ਵਿਭਾਗ ਦੇ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਦੀ ਬਜਾਏ ਉਲਟਾ ਉਨ੍ਹਾਂ ਉਪਰ ਬੇਲੋੜਾ ਕੰਮ ਦਾ ਬੋਝ ਵਧਾ ਕੇ ਸ਼ੋਸ਼ਣ ਕਰ ਰਹੇ ਹਨ | ਉਕਤ ਆਗੂਆਂ ਨੇ ਕਿਹਾ ਕਿ ਹੁਣ ਵਰਕਰਾਂ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਹੈ | ਇਸ ਲਈ ਉਨ੍ਹਾਂ ਨੇ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕੀਤਾ ਹੈ | ਇਸ ਉਪਰੰਤ ਰੋਸ ਮਾਰਚ ਕਰਕੇ ਸਿਵਲ ਸਰਜਨ ਨੂੰ ਸਿਹਤ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਸੌਂਪਿਆ ਗਿਆ | ਇਸ ਰੋਸ ਪ੍ਰਦਰਸ਼ਨ ਨੂੰ ਹੋਰਨਾਂ ਤੋਂ ਇਲਾਵਾ ਆਂਚਲ ਹਰੀਪੁਰ, ਜੋਤੀ ਆਦਮਪੁਰ, ਜਸਵੀਰ ਕੌਰ ਸ਼ਾਹਕੋਟ, ਕਵਿਤਾ, ਕੁਲਦੀਪ ਕੌਰ ਕਾਲਾ ਬੱਕਰਾ, ਪੂਨਮ ਬਿਲਗਾ, ਜਸਵੀਰ ਕੌਰ ਜੰਡਿਆਲਾ, ਸੁਨੀਤਾ ਬਿਲਗਾ, ਸੰਦੀਪ ਕੌਰ, ਇੰਦਰਜੀਤ ਕੌਰ ਤੋ ਇਲਾਵਾ ਪੇਂਡੂ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਵੀ ਸੰਬੋਧਨ ਕੀਤਾ |