01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਰਾਏਪੁਰ ਦੀ ਦਾਣਾ ਮੰਡੀ 'ਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ <br/>

Ad Position 21
No active advertisement
ਅਜੀਤ ਡੈਸਕ 23-05-2026
ਜਲੰਧਰ, 22 ਮਈ (ਜਸਪਾਲ ਸਿੰਘ, ਹਰਵਿੰਦਰ ਕੁਮਾਰ)-ਸਦਰ ਥਾਣੇ ਅਧੀਨ ਆਉਂਦੇ ਪਿੰਡ ਰਾਏਪੁਰ ਦੀ ਦਾਣਾ ਮੰਡੀ 'ਚ ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰਾਂ ਦੀਆਂ 16 ਦੇ ਕਰੀਬ ਝੁੱਗੀਆਂ ਸੜ ਕੇ ਪੂਰੀ ਤਰ੍ਹਾਂ ਨਾਲ ਸੁਆਹ ਹੋ ਗਈਆਂ | ਅੱਗ ਏਨੀ ਭਿਆਨਕ ਸੀ ਕਿ ਕੁਝ ਕੁ ਮਿੰਟਾਂ 'ਚ ਹੀ ਅੱਗ ਨੇ ਸਾਰੀਆਂ ਝੁੱਗੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਤੇ ਝੁੱਗੀਆਂ ਅੰਦਰ ਆਰਾਮ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੌੜ ਕੇ ਆਪਣੀ ਜਾਨ ਬਚਾਈ | ਚੰਗੇ ਭਾਗੀਂ ਅੱਗ ਲੱਗਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਅੱਗ ਲੱਗਣ ਕਾਰਨ ਪ੍ਰਵਾਸੀ ਮਜ਼ਦੂਰਾਂ ਦਾ ਸਭ ਕੁਝ ਸੜ ਕੇ ਸੁਆਹ ਹੋ ਗਿਆ | ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ ਤੇ ਪਿੰਡ ਵਾਸੀਆਂ ਨੇ ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਫਾਇਰ ਬਿ੍ਗੇਡ ਦੇ ਆਉਣ ਤੋਂ ਪਹਿਲਾਂ ਹੀ ਅੱਗ 'ਤੇ ਕਾਬੂ ਪਾ ਲਿਆ ਪਰ ਤਦ ਤੱਕ ਸਭ ਕੁਝ ਸੜ ਕੇ ਸੁਆਹ ਹੋ ਚੁੱਕਾ ਸੀ | ਦੱਸਿਆ ਜਾ ਰਿਹਾ ਹੈ ਕਿ ਅੱਗ ਦੁਪਹਿਰ 2 ਵਜੇ ਦੇ ਕਰੀਬ ਲੱਗੀ ਤੇ ਝੱੁਗੀਆਂ ਅੰਦਰ ਪਏ ਛੋਟੇ ਸਿਲੰਡਰ ਦੇ ਫਟਣ ਕਾਰਨ ਇਹ ਹੋਰ ਵੀ ਭਿਆਨਕ ਹੋ ਗਈ ਤੇ ਦੇਖਦੇ ਹੀ ਦੇਖਦੇ ਸਭ ਕੁਝ ਸੜ ਕੇ ਸੁਆਹ ਹੋ ਗਿਆ | ਜਿਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗੀ ਹੈ, ਉਨ੍ਹਾਂ 'ਚ ਤਜਿੰਦਰ ਮੰਡਲ, ਰਾਜੂ ਕਾਮਟ, ਹਰੀ ਰਾਮ ਮੁਖੀਆ, ਨਨੂੰ ਲਾਲ ਸਾਦਾ, ਰਮੇਸ਼ ਸਾਦਾ, ਬਬਲੂ ਸਾਦਾ, ਬਬਲੂ ਮੰਡਲ, ਅਮਿਤ ਸਾਦਾ, ਮਿûਨ ਸਾਦਾ, ਵਿਧੁਰ ਸਾਧਾ, ਕਿਰਪਾਲ ਸਾਦਾ, ਹਰੀ ਚੰਦ ਤੇ ਪ੍ਰਵੇਸ਼ ਸਾਦਾ ਆਦਿ ਸ਼ਾਮਿਲ ਹਨ | ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਝੁੱਗੀਆਂ ਦੇ ਅੰਦਰ ਪਏ ਉਨ੍ਹਾਂ ਦੇ ਕੱਪੜੇ, ਮੰਜੇ-ਬਿਸਤਰੇ, ਕੂਲਰ, ਫਰਿੱਜ, ਪੱਖੇ, ਐਲ.ਈ.ਡੀ. ਤੇ ਹੋਰ ਕੀਮਤੀ ਸਾਮਾਨ ਤੋਂ ਇਲਾਵਾ ਖਾਣ-ਪੀਣ ਦਾ ਰਾਸ਼ਨ ਤੇ ਦਾਣੇ ਆਦਿ ਸਭ ਕੁਝ ਸੜ ਕੇ ਸੁਆਹ ਹੋ ਗਿਆ | ਇਸ ਦੌਰਾਨ ਅੱਗ ਦੀ ਲਪੇਟ 'ਚ ਆ ਕੇ ਇਕ ਟਰੈਕਟਰ, ਇਕ ਹੜੰਬਾ ਮਸ਼ੀਨ, ਇਕ ਵਾਸ਼ਿੰਗ ਮਸ਼ੀਨ, ਤਿੰਨ ਮੋਟਰ ਸਾਈਕਲ, ਦੋ ਐਕਟਿਵਾ ਤੇ ਹੋਰ ਸਾਜ਼ੋ-ਸਾਮਾਨ ਵੀ ਬੁਰੀ ਤਰ੍ਹਾਂ ਨਾਲ ਸੜ ਗਿਆ | ਮੌਕੇ 'ਤੇ ਮੌਜੂਦ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹ ਕਣਕ ਤੇ ਝੋਨੇ ਦੇ ਸੀਜ਼ਨ 'ਚ ਜਿੱਥੇ ਮੰਡੀ 'ਚ ਕੰਮ ਕਰਦੇ ਹਨ, ਉੱਥੇ ਬਾਕੀ ਦੇ ਦਿਨਾਂ 'ਚ ਉਹ ਖੇਤਬਾੜੀ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਤੇ ਹਾਲ ਹੀ 'ਚ ਕਣਕ ਦਾ ਸੀਜ਼ਨ ਖਤਮ ਹੋਣ ਕਾਰਨ ਉਨ੍ਹਾਂ ਵਲੋਂ ਕੀਤੀ ਗਈ ਸਾਰੀ ਕਮਾਈ ਤੇ ਦਾਣਾ ਫੱਕਾ ਵੀ ਸਭ ਕੁਝ ਆਪੋ ਆਪਣੇ ਘਰਾਂ ਅੰਦਰ ਰੱਖਿਆ ਹੋਇਆ ਸੀ ਪਰ ਅੱਜ ਲੱਗੀ ਅੱਗ ਨੇ ਉਨ੍ਹਾਂ ਦਾ ਸਭ ਕੁਝ ਸਾੜ ਕੇ ਸੁਆਹ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸਿਰ 'ਤੇ ਛੱਤ ਤੱਕ ਵੀ ਨਹੀਂ ਰਹੀ ਤੇ ਉਨ੍ਹਾਂ ਕੋਲ ਸਿਰਫ ਤਨ 'ਤੇ ਪਾਏ ਹੋਏ ਕੱਪੜੇ ਹੀ ਬਚੇ ਹਨ | ਉਨ੍ਹਾਂ ਦਾ ਸਭ ਕੁਝ ਤਬਾਹ ਹੋ ਗਿਆ ਹੈ ਤੇ ਉਨ੍ਹਾਂ ਕੋਲ ਖਾਣ-ਪੀਣ ਲਈ ਤਾਂ ਕੀ ਸਗੋਂ ਤਨ 'ਤੇ ਪਹਿਨਣ ਲਈ ਕੱਪੜੇ ਤੱਕ ਨਹੀਂ ਬਚੇ | ਉਨ੍ਹਾਂ ਦੇ ਭਾਂਡੇ-ਬਰਤਨ ਆਦਿ ਸਭ ਕੁਝ ਸੜ ਕੇ ਸੁਆਹ ਹੋ ਗਿਆ | ਓਧਰ ਜਿੱਥੇ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਤੋਂ ਐੱਸ.ਆਈ. ਮਨਜੀਤ ਰਾਮ ਮੌਕੇ 'ਤੇ ਪੁੱਜੇ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਵੀ ਪਹੁੰਚ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਹੋਏ ਨੁਕਸਾਨ ਲਈ ਦਿਲਾਸਾ ਦਿੱਤਾ | ਇਸ ਮੌਕੇ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਗਰੀਬ ਪਰਿਵਾਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਅੱਗ ਲੱਗਣ ਕਾਰਨ ਸੜਕਾਂ 'ਤੇ ਆ ਗਏ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਵੀ ਪ੍ਰਬੰਧ ਕੀਤਾ ਜਾਵੇ | ਇਸ ਮੌਕੇ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਸਮੇਤ ਹੋਰ ਪਿੰਡ ਵਾਸੀ ਇਨ੍ਹਾਂ ਗਰੀਬ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ | ਇਸ ਮੌਕੇ ਜਥੇਦਾਰ ਪਰਮਜੀਤ ਸਿੰਘ ਰਾਏਪੁਰ, ਡਾ. ਕੇਵਲ ਦਾਦੂਵਾਲ, ਮਨਜੀਤ ਸਿੰਘ, ਅਵਤਾਰ ਸਿੰਘ ਤਾਰੀ, ਮੱਖਣ ਸਿੰਘ, ਹਰਦੀਪ ਸਿੰਘ ਸੰਘਾ, ਮੀਨਾ ਕੁਮਾਰੀ ਸਰਪੰਚ ਰਾਏਪੁਰ, ਪਰਮਜੀਤ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ, ਹੁਸਨ ਲਾਲ ਸਾਬਕਾ ਸਰਪੰਚ, ਗੁਰਲਾਟ ਸਿੰਘ ਦੇ ਪਰਿਵਾਰ, ਗੁਰਦਿਆਲ ਸਿੰਘ ਨੰਬਰਦਾਰ, ਅਮਰਜੀਤ ਸਿੰਘ ਰਾਏਪੁਰ, ਕੁਲਵੀਰ ਸਿੰਘ ਪਨੇਸਰ, ਪਲਵਿੰਦਰ ਸਿੰਘ ਜੌਹਲ, ਜਸਵੀਰ ਸਿੰਘ ਇਬੱਲਾ, ਦੇਸ ਰਾਜ ਸਾਬਕਾ ਸਰਪੰਚ, ਦਲਬੀਰ ਸਿੰਘ ਪੰਚ ਤੇ ਹਰਜਿੰਦਰ ਸਿੰਘ ਸੁਆਮੀ ਵਲੋਂ ਇਨ੍ਹਾਂ ਪਰਿਵਾਰਾਂ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਤੇ ਹੋਰ ਵੀ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਗਦਈਪੁਰ ਨਹਿਰ ਕਤਲਕਾਂਡ-ਪੰਕਜ ਦੇ ਕਤਲ ਮਾਮਲੇ 'ਚ ਪੁਲਿਸ ਨੂੰ ਵੱਡੀ ਲੀਡ, ਦੋ ਸ਼ੱਕੀ ਯੂ.ਪੀ. ਫਰਾਰ <br/> ਅਗਲੀ ਖ਼ਬਰ ਰੋਡ ਗਲੀਆਂ ਦੀ ਸਫ਼ਾਈ ਨਾ ਹੋਈ ਤਾਂ ਬਰਸਾਤਾਂ ਵਿਚ ਡੁੱਬੇਗਾ ਸ਼ਹਿਰ <br/>
Ad Position 24
No active advertisement