ਜਲੰਧਰ, 22 ਮਈ (ਜਤਿੰਦਰ ਪੰਮੀ)-ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਸਥਿਤ ਸਬ-ਰਜਿਸਟਰਾਰ ਦਫਤਰ 'ਚ ਸ਼ੁੱਕਰਵਾਰ ਨੂੰ ਦੁਪਹਿਰ ਪੌਣੇ ਇਕ ਵਜੇ ਦੇ ਕਰੀਬ ਉਥੇ ਬੂਥ ਲਾ ਕੇ ਬੈਠੇ ਫੋਟੋਗ੍ਰਾਫਰ ਤੇ ਵਕੀਲ ਵਿਚਾਲੇ ਫੋਟੋ ਖਿੱਚਣ ਨੂੰ ਲੈ ਕੇ ਹੰਗਾਮਾ ਹੋ ਗਿਆ | ਮਾਮਲਾ ਬਹਿਸਬਾਜ਼ੀ ਤੋਂ ਸ਼ੁਰੂ ਹੋ ਕੇ ਹੱਥੋਪਾਈ ਤਕ ਪੁੱਜ ਗਿਆ, ਜਿਸ ਕਾਰਨ ਸਬ-ਰਜਿਸਟਰਾਰ ਦਫਤਰ 'ਚ ਕੰਮ ਕਰਵਾਉਣ ਲਈ ਆਏ ਕਾਫੀ ਲੋਕ ਉਥੇ ਇਕੱਠੇ ਹੋ ਗਏ | ਹੰਗਾਮੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਾਰਾਂਦਰੀ ਦੀ ਪੁਲਿਸ ਵੀ ਮੌਕੇ 'ਤੇ ਪੁੱਜੀ ਅਤੇ ਮਾਮਲਾ ਸ਼ਾਂਤ ਕਰਵਾਇਆ | ਵਕੀਲ ਨੇ ਫੋਟੋਗ੍ਰਾਫ਼ਰ 'ਤੇ ਧੱਕੇਸ਼ਾਹੀ ਕਰਨ ਤੇ ਹੱਥ ਚੁੱਕਣ ਦੇ ਦੋਸ਼ ਲਾਉਂਦਿਆਂ ਥਾਣਾ ਬਾਰਾਂਦਰੀ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਦਿੱਤੀ ਹੈ | ਪੁਲਿਸ ਨੇ ਦੋਵਾਂ ਧਿਰਾਂ ਨੂੰ ਐਤਵਾਰ ਸਵੇਰੇ ਥਾਣੇ ਬੁਲਾਇਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਵਕੀਲ ਰਵਿੰਦਰ ਮਨੋਚਾ ਨੇ ਕਿਹਾ ਕਿ ਉਹ ਤਹਿਸੀਲ ਕੰਪਲੈਕਸ 'ਚ ਵਕਾਲਤ ਕਰਦੇ ਹਨ ਅਤੇ ਬੈਂਕਾਂ ਦੇ ਪੈਨਲ 'ਤੇ ਹੋਣ ਕਰਕੇ ਵੱਖ-ਵੱਖ ਬੈਂਕਾਂ ਦੇ ਦਸਤਾਵੇਜ਼ (ਐਮਓਟੀਡੀ) ਰਜਿਸਟਰ ਕਰਵਾਉਣ ਵਾਸਤੇ ਅਕਸਰ ਹੀ ਸਬ-ਰਜਿਸਟਰਾਰ ਦਫਤਰ ਜਲੰਧਰ-1 ਤੇ ਜਲੰਧਰ-2 ਪਾਰਟੀਆਂ ਨਾਲ ਆਉਂਦੇ ਹਨ | ਅੱਜ ਵੀ ਉਹ 12 ਵਜੇ ਦੇ ਕਰੀਬ ਐਮਓਟੀਡੀ ਰਜਿਸਟਰ ਕਰਵਾਉਣ ਵਾਸਤੇ ਪਾਰਟੀਆਂ ਨਾਲ ਸਬ-ਰਜਿਸਟਰਾਰ ਦਫਤਰ ਆਏ ਸਨ ਤਾਂ ਉਥੇ ਵਿਅਕਤੀ ਆਪਣੇ ਕਰਿੰਦਿਆਂ ਨਾਲ ਪਾਰਟੀਆਂ ਦੀਆਂ ਮਨਜ਼ੂਰੀ ਤੋਂ ਬਗੈਰ ਉਨ੍ਹਾਂ ਦੀਆਂ ਤਸਵੀਰਾਂ ਖਿੱਚ ਕੇ ਡੀਡਜ਼ ਨਾਲ ਲਾਉਣ ਲਈ ਕਿਹਾ | ਜਦੋਂ ਉਨ੍ਹਾਂ ਨੇ ਮਨ੍ਹਾਂ ਕੀਤਾ ਤਾਂ ਫੋਟੋਗ੍ਰਾਫਰ ਨੇ ਪਹਿਲਾਂ ਬਹਿਸਬਾਜ਼ੀ ਕੀਤੀ ਤੇ ਫਿਰ ਬਦਤਮੀਜ਼ੀ ਕਰਦਿਆਂ ਗਾਲ੍ਹੀ-ਗਲੋਚ ਕਰਨ ਲੱਗਾ | ਸ਼ਿਕਾਇਤਕਰਤਾ ਵਕੀਲ ਰਵਿੰਦਰ ਮਨੋਚਾ ਨੇ ਦੋਸ਼ ਲਾਇਆ ਕਿ ਫੋਟੋਗ੍ਰਾਫਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਕਿ ਬਾਹਰ ਨਿਕਲ ਫਿਰ ਦੱਸਦੇ ਹਾਂ | ਰਵਿੰਦਰ ਮਨੋਚਾ ਨੇ ਕਿਹਾ ਕਿ ਉਨ੍ਹਾਂ ਨੇ ਸਬ-ਰਜਿਸਟਰਾਰ-1 ਨੂੰ ਵੀ ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ | ਉਨ੍ਹਾਂ ਪੁਲਿਸ ਕੋਲੋਂ ਮੰਗ ਕੀਤੀ ਕਿ ਉਕਤ ਫੋਟੋਗ੍ਰਾਫਰ ਤੇ ਉਸ ਦੇ ਕਰਿੰਦਿਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਇਸ ਸੰਬੰਧੀ ਜਦੋਂ ਥਾਣਾ ਬਾਰਾਂਦਰੀ ਦੇ ਏਐਸਆਈ ਬਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਵਕੀਲ ਧਿਰ ਵਲੋਂ ਉਕਤ ਮਾਮਲੇ ਦੀ ਸ਼ਿਕਾਇਤ ਮਿਲੀ ਹੈ | ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਨੂੰ ਐਤਵਾਰ ਸਵੇਰੇ 11 ਵਜੇ ਥਾਣੇ ਬੁਲਾਇਆ ਗਿਆ, ਜਿੱਥੇ ਦੋਵਾਂ ਦੀ ਗੱਲ ਸੁਣੀ ਜਾਵੇਗੀ |