ਨਗਰ ਨਿਗਮ ਪਾਰਕਿੰਗ ਦੀ ਫੀਸ ਵਸੂਲੀ ਘੋਟਾਲੇ ਦੀ ਅਜੇ ਨਹੀਂ ਹੋਈ ਜਾਂਚ
ਅਜੀਤ ਡੈਸਕ
24-05-2026
ਪਹਿਲਾਂ ਤਾਂ ਨਿਗਮ ਦੀ ਆਪਣੀ ਰਸੀਦ ਕਾਪੀ ਜੀ-8 ਨਾਲ ਵੀ ਫ਼ੀਸ ਵਸੂਲੀ ਕੀਤੀ ਜਾਂਦੀ ਰਹੀ ਸੀ ਪਰ ਦੱਸਿਆ ਜਾਂਦਾ ਹੈ ਕਿ ਹੋਰ ਪਰਚੀਆਂ 'ਤੇ ਫ਼ੀਸ ਵਸੂਲੀ ਕੀਤੀ ਜਾਂਦੀ ਰਹੀ ਸੀ | ਇਸ ਮਾਮਲੇ ਦੀ ਜਾਂਚ ਹੋਣ 'ਤੇ ਹੀ ਇਸ ਬਾਰੇ ਸਾਰੀ ਸਚਾਈ ਸਾਹਮਣੇ ਆਉਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਇਸ ਮਾਮਲੇ ਵਿਚ ਕੁੱਝ ਰੁਪਏ ਦੇ ਗ਼ਬਨ ਦਾ ਮਾਮਲਾ ਸਾਹਮਣੇ ਆਉਣ 'ਤੇ ਇਕ ਕਰਮਚਾਰੀ ਨੂੰ ਮੁਅੱਤਲ ਕੀਤਾ ਗਿਆ ਸੀ | ਨਿਗਮ ਪ੍ਰਸ਼ਾਸਨ ਨੇ ਇਸ ਪਾਰਕਿੰਗ ਵਿਚ ਹੋਰ ਕਰਮਚਾਰੀਆਂ ਦੀਆਂ ਡਿਊਟੀ ਲਗਾ ਦਿੱਤੀ ਸੀ | ਇਸ ਮਾਮਲੇ ਦੀ ਤਹਿਬਾਜ਼ਾਰੀ ਦੇ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਵਲੋਂ ਜਾਂਚ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਇਸ ਕੇਸ ਦੀ ਪੜਤਾਲ ਕਰਨ ਲਈ ਸਹਾਇਕ ਕਮਿਸ਼ਨਰ ਨੂੰ ਜਾਂਚ ਕਰਤਾ ਅਫ਼ਸਰ ਅਤੇ ਤਹਿਬਾਜ਼ਾਰੀ ਸੁਪਰਡੈਂਟ ਨੂੰ ਪੇਸ਼ਕਰਤਾ ਅਫ਼ਸਰ ਨਿਯੁਕਤ ਕੀਤਾ ਸੀ ਪਰ ਅਜੇ ਤੱਕ ਇਸ ਮਾਮਲੇ ਦੀ ਜਾਂਚ ਨਹੀਂ ਹੋ ਸਕੀ | ਇਸ ਬਾਰ ਦੱਸਿਆ ਜਾਂਦਾ ਹੈ ਕਿ ਜਿਸ ਸਹਾਇਕ ਕਮਿਸ਼ਨਰ ਨੂੰ ਜਾਂਚ ਕਰਤਾ ਅਫ਼ਸਰ ਲਗਾਇਆ ਸੀ ਤਾਂ ਉਨਾਂ ਨੇ ਪਹਿਲਾਂ ਹੀ ਹੋਰ ਮਾਮਲਿਆਂ ਦੀ ਜਾਂਚ ਦਾ ਕੰਮ ਹੋਣ ਦੀ ਗੱਲ ਕਹਿ ਕੇ ਇਸ ਮਾਮਲੇ ਦੀ ਜਾਂਚ ਲਈ ਹੋਰ ਅਫ਼ਸਰ ਨੂੰ ਨਿਯੁਕਤ ਕਰਨ ਦੀ ਸਿਫ਼ਾਰਸ਼ ਕੀਤੀ ਸੀ | ਫ਼ੀਸ ਵਸੂਲੀ ਮਾਮਲਾ ਕਾਫੀ ਗੰਭੀਰ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਆਉਣ ਵਾਲੇ ਸਮੇਂ ਵਿਚ ਜੇਕਰ ਇਸ ਮਾਮਲੇ ਨੂੰ ਵਿਜੀਲੈਂਸ ਵਿਭਾਗ ਵਲੋੇਂ ਜਾਂਚ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ | ਇਸ ਤੋਂ ਪਹਿਲਾਂ ਨਿਗਮ ਦੇ ਸੰਯੁਕਤ ਕਮਿਸ਼ਨਰ ਮਨਦੀਪ ਕੌਰ ਵਲੋਂ ਵੀ ਰੰਗਲਾ ਵਿਹੜਾ ਦੇ ਕੋਲ ਨਾਜਾਇਜ ਪਰਚੀ ਫ਼ੀਸ ਮਾਮਲਾ ਫੜਿਆ ਗਿਆ ਸੀ, ਜਿਸ ਵਿਚ ਪੁਲਿਸ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ | ਇਸ ਤੋਂ ਇਲਾਵਾ ਮੇਅਰ ਵਨੀਤ ਧੀਰ ਵਲੋਂ ਜਦੋਂ ਕਈ ਸ਼ਿਕਾਇਤਾਂ ਆਉਣ ਅਤੇ ਘੱਟ ਰਹੀ ਆਮਦਨ ਨੂੰ ਲੈ ਕੇ ਸਾਰੀ ਤਹਿਬਾਜ਼ਾਰੀ ਸ਼ਾਖਾ ਬਦਲ ਦਿੱਤੀ ਗਈ ਸੀ ਤਾਂ ਉਸ ਤੋਂ ਬਾਅਦ ਉਨਾਂ ਨੇ ਬੱਸ ਸਟੈਂਡ ਵਾਲੇ ਰੋਡ ਅਤੇ ਨਾਮਦੇਵ ਚੌਕ ਦੇ ਕੋਲ ਰੇਹੜੀਆਂ ਤੋਂ ਕੀਤੀ ਜਾਂਦੀ ਫ਼ੀਸ ਵਸੂਲੀ ਬਾਰੇ ਜਾਣਕਾਰੀ ਇਕੱਠੀ ਕਰਵਾਈ ਸੀ |